ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 27 ਜੁਲਾਈ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਅੱਜ ਦੇਰ ਸ਼ਾਮ ਲੁਟੇਰੇ ਇਕ ਰਾਹਗੀਰ ਨੂੰ ਜ਼ਖ਼ਮੀ ਕਰਕੇ ਉਸ ਤੋਂ ਇੱਕ ਹਜ਼ਾਰ ਰੁਪਏ ਤੇ ਮੋਬਾਈਲ ਖੋ ਕੇ ਲੈ ਗਏ। ਜ਼ਖ਼ਮੀ ਵਿਅਕਤੀ ਨੂੰ ਡੇਰਾਬੱਸੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਸ਼ਿਕਾਇਤ ਮਗਰੋਂ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਜਾਵੇਦ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਉਹ ਚੰਡੀਗੜ੍ਹ ਸੈਕਟਰ 43 ਅਦਾਲਤ ਵਿੱਚ ਸੇਵਾਦਾਰ ਤਾਇਨਾਤ ਹੈ। ਅੱਜ ਸ਼ਾਮ ਉਹ ਅੰਬਾਲਾ ਤੋਂ ਟੈਕਸੀ ਰਾਹੀਂ ਚੰਡੀਗੜ੍ਹ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਪਿੰਡ ਭਾਂਖਰਪੁਰ ਘੱਗਰ ਪੁਲ ’ਤੇ ਪਹੁੰਚਿਆ ਤਾਂ ਉਥੇ ਜਾਮ ਲੱਗਿਆ ਹੋਇਆ ਸੀ ਜਿਸ ਕਾਰਨ ਟੈਕਸੀ ਤੋਂ ਉੱਤਰ ਕੇ ਪੈਦਲ ਹੀ ਮੈਕਡੌਨਲਡ ਚੌਕ ਵਲ ਚਲ ਪਿਆ। ਉਹ ਜਦੋਂ ਘੱਗਰ ਪੁਲ ਨੂੰ ਪਾਰ ਕਰਨ ਲੱਗਿਆ ਤਾਂ ਪਿੱਛੋਂ ਆਏ ਕੁਝ ਅਣਪਛਾਤਿਆਂ ਨੇ ਹਮਲਾ ਕਰਦਿਆਂ ਚਾਕੂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਉਸ ਦੀ ਜੇਬ੍ਹ ਵਿੱਚੋਂ ਇਕ ਹਜ਼ਾਰ ਰੁਪਏ ਤੇ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਏ। ਰਾਹਗੀਰਾਂ ਨੇ ਉਸ ਸਿਵਲ ਹਸਪਤਾਲ ਪਹੁੰਚਾਇਆ ਤੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ। ਮੁਬਾਰਿਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।