ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਮਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ 2022-23 ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਤੇ ਵਿਦਿਆਰਥੀਆਂ ਦੇ ਮੁਲਾਂਕਣ ਦਾ ਤਰੀਕਾ ਬਦਲ ਦਿੱਤਾ ਹੈ। ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਰੱਟੇ ਮਾਰਨ ਦੀ ਥਾਂ ਕੰਪੀਟੈਂਸੀ ਬੇਸਡ ਸਵਾਲ ਪੁੱਛੇ ਜਾਣਗੇ। ਬੋਰਡ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਪ੍ਰੀਖਿਆਵਾਂ ਪੂਰੇ ਸਿਲੇਬਸ ਦੇ ਆਧਾਰ ’ਤੇ ਇਕ ਵਾਰ ਲਈਆਂ ਜਾਣਗੀਆਂ। ਬੋਰਡ ਦੇ ਡਾਇਰੈਕਟਰ ਅਕਾਦਮਿਕ ਡਾ.ਜੋਸਫ ਇਮੈਨੁਅਲ ਨੇ ਅੱਜ ਮੁਲਾਂਕਣ ਦੇ ਨਵੇਂ ਤਰੀਕੇ ਬਾਰੇ ਪੱਤਰ ਜਾਰੀ ਕੀਤਾ। ਉਨ੍ਹਾਂ ਪੱਤਰ ਰਾਹੀਂ ਦੱਸਿਆ ਕਿ ਕਰੋਨਾ ਮਹਾਮਾਰੀ ਨੇ ਪੜ੍ਹਾਈ ਦਾ ਕਾਫੀ ਨੁਕਸਾਨ ਕੀਤਾ ਹੈ ਜਿਸ ਕਰ ਕੇ ਨਵੇਂ ਢੰਗ ਨਾਲ ਵਿਦਿਆਰਥੀਆਂ ਦੀ ਯੋਗਤਾ ਪਰਖੀ ਜਾਵੇਗੀ। ਇਸ ਵਾਰ ਦੇ ਬਦਲਾਅ ਨਵੀਂ ਸਿੱਖਿਆ ਨੀਤੀ ਅਨੁਸਾਰ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਰੀਅਲ ਟਾਈਮ ਕੰਸੈਪਟ ਸਬੰਧੀ ਸਵਾਲ ਪੁੱਛੇ ਜਾਣਗੇ ਤਾਂ ਕਿ ਉਹ ਅਸਲੀ ਜੀਵਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਯੋਗ ਹੋ ਸਕਣ। ਉਨ੍ਹਾਂ ਦੱਸਿਆ ਕਿ ਨੌਵੀਂ ਤੇ ਦਸਵੀਂ ਜਮਾਤ ਟਰਮ-1 ਤੇ 2 ਲਈ ਪਹਿਲਾਂ 30 ਫੀਸਦੀ ਕੰਪੀਟੈਂਸੀ ਬੇਸਡ ਸਵਾਲ ਸਨ ਪਰ ਸਾਲ 2022-23 ਦੀਆਂ ਪ੍ਰੀਖਿਆਵਾਂ ਵਿਚ 40 ਫੀਸਦੀ ਸਵਾਲ ਕੰਪੀਟੈਂਸੀ ਬੇਸਡ ਪੁੱਛੇ ਜਾਣਗੇ। ਇਹ ਸਵਾਲ ਬਹੁ ਵਿਕਲਪੀ ਸਵਾਲਾਂ, ਕੇਸ ਬੇਸਡ ਸਵਾਲਾਂ ਤੇ ਸੋਰਸ ਬੇਸਡ ਇੰਟੀਗਰੇਟਿਡ ਸਵਾਲਾਂ ਆਧਾਰਿਤ ਹੋ ਸਕਦੇ ਹਨ ਜਦਕਿ 20 ਫੀਸਦੀ ਸਵਾਲ ਅਬਜੈਕਟਿਵ ਟਾਈਪ ਆਉਣਗੇ ਜਦਕਿ ਬਾਕੀ ਦੇ 40 ਫੀਸਦੀ ਸਵਾਲ ਸ਼ਾਰਟ ਟਾਈਪ ਤੇ ਲੌਂਗ ਟਾਈਪ ਆਧਾਰਿਤ ਹੋਣਗੇ।
ਇਸ ਤੋਂ ਇਲਾਵਾ 11ਵੀਂ ਤੇ 12ਵੀਂ ਜਮਾਤਾਂ ਲਈ 30 ਫੀਸਦੀ ਸਵਾਲ ਕੰਪੀਟੈਂਸੀ ਬੇਸਡ ਰੱਖੇ ਗਏ ਹਨ, ਇਹ ਸਵਾਲ ਬਹੁ ਵਿਕਲਪੀ, ਕੇਸ ਬੇਸਡ ਤੇ ਸੋਰਸ ਬੇਸਡ ਆਧਾਰਿਤ ਹੋਣਗੇ। ਇਸ ਤੋਂ ਇਲਾਵਾ ਆਬਜੈਕਟਿਵ ਸਵਾਲ 20 ਨੰਬਰ ਦੇ ਹੀ ਰੱਖੇ ਗਏ ਹਨ। ਇਸ ਵਾਰ 50 ਫੀਸਦੀ ਅੰਕ ਸ਼ਾਰਟ ਤੇ ਲੌਂਗ ਟਾਈਪ ਸਵਾਲਾਂ ਆਧਾਰਿਤ ਹੋਣਗੇ ਜਦਕਿ ਟਰਮ-1 ਵਿਚ ਬਹੁ ਵਿਕਲਪੀ ਦੇ ਸੌ ਫੀਸਦੀ ਅੰਕ ਸਨ ਤੇ ਇਨ੍ਹਾਂ ਵਿਚ 20 ਫੀਸਦੀ ਕੰਪੀਟੈਂਸੀ ਬੇਸਡ ਸਵਾਲ ਸਨ।
ਕੰਸੈਪਟ ਕਲੀਅਰ ਕਰਨ ਵਿਚ ਹੋਣਗੇ ਸਹਾਈ
ਬੋੋਰਡ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਬੋਰਡ ਪ੍ਰੀਖਿਆ ਦੇ ਪੈਟਰਨ ਤੇ ਵਿਦਿਆਰਥੀਆਂ ਦੇ ਮੁਲਾਂਕਣ ਵਿਚ ਬਦਲਾਅ ਇਸ ਕਰ ਕੇ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀਆਂ ਦਾ ਹਰ ਕੰਸੈਪਟ ਕਲੀਅਰ ਹੋਵੇ ਤੇ ਉਨ੍ਹਾਂ ਦੀ ਰੱਟੇ ਮਾਰਨ ਦੀ ਆਦਤ ਖਤਮ ਹੋਵੇ। ਉਨ੍ਹਾਂ ਦੱਸਿਆ ਕਿ ਬੋਰਡ ਵਲੋਂ ਸੋਧੇ ਹੋਏ ਸਿਲੇਬਸ ਅਨੁਸਾਰ ਸੈਂਪਲ ਪੇਪਰ ਜਾਰੀ ਕੀਤੇ ਜਾਣਗੇ ਤਾਂ ਕਿ ਵਿਦਿਆਰਥੀਆਂ ਨੂੰ ਆਉਣ ਵਾਲੀ ਪ੍ਰੀਖਿਆ ਦਾ ਪੈਟਰਨ ਪਤਾ ਲੱਗ ਸਕੇ।