ਆਤਿਸ਼ ਗੁਪਤਾ
ਚੰਡੀਗੜ੍ਹ, 24 ਮਾਰਚ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਆਂਗਨਵਾੜੀ ਸੈਂਟਰਾਂ ਨੂੰ 31 ਮਾਰਚ 2021 ਤੱਕ ਬੰਦ ਕਰ ਦਿੱਤਾ ਹੈ। ਸਮਾਜਿਕ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਨੇ ਕਿਹਾ ਕਿ ਇਹ ਆਦੇਸ਼ ਤੁਰੰਤ ਲਾਗੂ ਹੋ ਗਏ ਹਨ। ਇਸੇ ਦੌਰਾਨ ਆਂਗਨਵਾੜੀ ਵਰਕਰ ਅਤੇ ਹੋਰ ਮੁਲਾਜ਼ਮ ਆਂਗਨਵਾੜੀ ਸੈਂਟਰਾਂ ’ਤੇ ਹਾਜ਼ਰ ਰਹਿਣਗੇ ਜਿਨ੍ਹਾਂ ਤੋਂ ਲੋੜ ਪੈਣ ’ਤੇ ਹੋਰਨਾਂ ਗਤੀਵੀਧੀਆਂ ਵਿੱਚ ਮਦਦ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਯੂਟੀ ਪ੍ਰਸ਼ਾਸਨ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਕਰੋਨਾ ਦੇ ਪਸਾਰ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੇ ਫ਼ੈਸਲੇ ਲੈਣ ਦੀ ਆਜ਼ਾਦੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਟੈਸਟਾਂ ਦੀ ਗਿਣਤੀ ਵਧਾਉਣ, ਕਰੋਨਾ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਭਾਲ ਕਰਨ ਅਤੇ ਉਨ੍ਹਾਂ ਦਾ ਇਲਾਜ ਯਕੀਨੀ ਬਣਾਉਣ ਬਾਰੇ ਹਦਾਇਤਾਂ ਦਿੱਤੀਆਂ ਗਈਆਂ ਹਨ। ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਕੇਂਦਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਉਪਰੋਕਤ ਹੁਕਮ ਲਾਗੂ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਰੋਨਾ ਰੋਕੂ ਦਵਾਈ ਵੱਧ ਤੋਂ ਵੱਧ ਲੋਕਾਂ ਨੂੰ ਦਿੱਤੀ ਜਾਵੇ।
ਕੇਂਦਰ ਸਰਕਾਰ ਦੀਆਂ ਹਦਾਇਤਾਂ ਤਹਿਤ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸਮਾਜਿਕ, ਰਾਜਨੀਤਕ, ਧਾਰਮਿਕ ਜਾਂ ਸੱਭਿਆਚਾਰਕ ਇਕੱਠ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
14 ਕੰਟੇਨਮੈਂਟ ਜ਼ੋਨ ਐਲਾਨੇ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ 14 ਨਵੇਂ ਕੰਟੇਨਮੈਂਟ ਜ਼ੋਨ ਐਲਾਨੇ ਹਨ। ਇਨ੍ਹਾਂ ਵਿੱਚ ਸੈਕਟਰ-11, 15, 20, 21, 22, 23, 27, 30, 38-ਬੀ, 41-ਏ, 63 ਅਤੇ ਧਨਾਸ ਦੇ ਚੌਣਵੇਂ ਘਰ ਸ਼ਾਮਲ ਹਨ। ਇਹ ਆਦੇਸ਼ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ 18 ਮਾਰਚ ਨੂੰ 6 ਕੰਟੇਨਮੈਂਟ ਜ਼ੋਨਾਂ ਦਾ ਐਲਾਨ ਕੀਤਾ ਗਿਆ ਸੀ।