ਜਗਮੋਹਨ ਸਿੰਘ/ਸੰਜੀਵ ਤੇਜਪਾਲ
ਰੂਪਨਗਰ/ਮੋਰਿੰਡਾ, 14 ਅਪਰੈਲ
ਕੇਂਦਰੀ ਖੁਰਾਕ ਮੰਤਰਾਲੇ ਦੀ ਇੱਕ ਉੱਚ ਪੱਧਰੀ ਟੀਮ ਨੇ ਅੱਜ ਮੋਰਿੰਡਾ, ਬੇਲਾ, ਕਰਤਾਰਪੁਰ ਅਤੇ ਭਰਤਗੜ੍ਹ ਦੀਆਂ ਮੰਡੀਆਂ ਵਿੱਚ ਵਿਕਣ ਆਈ ਕਣਕ ਦੇ ਨਮੂਨੇ ਲਏ। ਜਾਣਕਾਰੀ ਮੁਤਾਬਕ ਅੱਜ ਅਸਿਸਟੈਂਟ ਡਾਇਰੈਕਟਰ ਬੀ ਐੱਮ ਸਿੰਘ ਦੀ ਅਗਵਾਈ ਹੇਠ ਪੁੱਜੀ ਕੇਂਦਰੀ ਟੀਮ ਨੇ ਵੱਖ-ਵੱਖ ਫੜ੍ਹਾਂ ’ਤੇ ਵਿਕਣ ਲਈ ਆਈ ਕਣਕ ਦੇ ਚਾਰ ਨਮੂਨੇ ਲਏ। ਬੀਐੱਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਂਦਰੀ ਖੁਰਾਕ ਮੰਤਰਾਲੇ ਵੱਲੋਂ ਕਣਕ ਵਿੱਚ ਮੌਜੂਦ ਮੌਜੂ ਦਾਣਿਆਂ ਦੀ ਮਾਤਰਾ ਚੈੱਕ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੰਜਾਬ ਦੀਆਂ ਮੰਡੀਆਂ ਵਿੱਚ 6 ਫੀਸਦੀ ਮੌਜੂ ਦਾਣੇ ਦੀ ਮਾਤਰਾ ਵਾਲੀ ਕਣਕ ਖਰੀਦੀ ਜਾ ਰਹੀ ਹੈ, ਪਰ ਇਸ ਵੇਲੇ ਮੰਡੀਆਂ ਵਿੱਚ ਵਿਕਣ ਆ ਰਹੀ ਕਣਕ ਵਿੱਚ ਮੌਜੂ ਦਾਣੇ ਦੀ ਮਾਤਰਾ 33 ਤੋਂ 50 ਫ਼ੀਸਦ ਤੱਕ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਖਰੀਦ ਏਜੰਸੀਆਂ ਨੂੰ 20 ਫ਼ੀਸਦੀ ਮੌਜੂ ਦਾਣੇ ਵਾਲੀ ਕਣਕ ਖ਼ਰੀਦਣ ਦੀ ਆਗਿਆ ਦਿੱਤੀ ਜਾ ਸਕਦੀ ਹੈ ਪਰ ਇਹ ਸਾਰਾ ਕੁਝ ਟੀਮ ਵੱਲੋਂ ਇਕੱਠੇ ਕੀਤੇ ਜਾ ਰਹੇ ਨਮੂਨਿਆਂ ਦੀ ਰਿਪੋਰਟ ’ਤੇ ਨਿਰਭਰ ਕਰੇਗਾ।
ਇਸ ਮੌਕੇ ਵਿਭਾਗ ਦੀ ਤਕਨੀਕੀ ਅਫ਼ਸਰ ਸ਼ਾਂਤੀ ਪਾਰਿਖ ਨੇ ਦੱਸਿਆ ਕਿ ਉਹ ਦੋ ਦਿਨਾਂ ’ਚ ਆਪਣੀ ਰਿਪੋਰਟ ਕੇਂਦਰੀ ਖੁਰਾਕ ਮੰਤਰਾਲੇ ਦੇ ਸਕੱਤਰ ਨੂੰ ਸੌਂਪ ਦੇਣਗੇ, ਜਿਸ ਉਪਰੰਤ ਭਾਰਤ ਸਰਕਾਰ ਹੀ ਅਗਲਾ ਫ਼ੈਸਲਾ ਲਵੇਗੀ।