ਡਾ. ਹਿਮਾਂਸੂ ਸੂਦ
ਮੰਡੀ ਗੋਬਿੰਦਗੜ੍ਹ, 15 ਸਤੰਬਰ
ਕੱਚਾ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ ਵਿਚ ਅੱਜ ਦੇਰ ਸਾਮ ਹਾਈ ਵੋਲਟੇਜ ਬਿਜਲੀ ਦੀ ਤਾਰ ਦੇ ਟੁੱਟਣ ਕਾਰਨ 10 ਸਾਲਾਂ ਦਾ ਬੱਚਾ ਵਿਵੇਕ ਕੁਮਾਰ ਪੁੱਤਰ ਧਰਮ ਦਾਸ ਝੁਲਸ ਗਿਆ ਜਦੋਕਿ ਕਈ ਘਰਾਂ ਵਿਚ ਬਿਜਲੀ ਵਾਲੇ ਉਪਕਰਨਾਂ ਨੂੰ ਭਾਰੀ ਨੁਕਸਾਨ ਹੋਇਆ ਅਤੇ ਸਾਰੇ ਮਹੱਲੇ ਦੀ ਬਿਜਲੀ ਗੁੱਲ ਹੋ ਗਈ। ਮੁਹੱਲਾ ਵਾਸੀਆਂ ਅਨੁਸਾਰ ਇਸ ਖੇਤਰ ਵਿਚ ਟਰਾਂਸਫ਼ਾਰਮਰ ਓਵਰਲੋਡ ਹੋਣ ਕਾਰਨ ਅੱਜ ਦੇਰ ਸ਼ਾਮ ਹਾਦਸਾ ਵਾਪਰ ਗਿਆ। ਜਦੋਂ ਇਹ ਤਾਰਾਂ ਅਚਾਨਕ ਸੜੀਆਂ ਤਾਂ ਨਜ਼ਦੀਕ ਤੋਂ ਲੰਘ ਰਿਹਾ ਵਿਵੇਕ ਇਸ ਦੀ ਲਪੇਟ ਵਿਚ ਆਉਣ ਕਾਰਨ ਜ਼ਖ਼ਮੀ ਹੋ ਗਿਆ। ਊਸ ਨੂੰ ਤੁਰੰਤ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਊਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਪ੍ਰਾਪਤ ਸੂਚਨਾ ਅਨੁਸਾਰ ਇਹ ਬੱਚਾ 80 ਪ੍ਰਤੀਸ਼ਤ ਝੁਲਸ ਗਿਆ ਹੈ। ਮੌਕੇ ’ਤੇ ਮੌਜੂਦ ਪ੍ਰਵੀਨ ਯਾਦਵ ਨੇ ਦੱਸਿਆ ਕਿ ਇਹ ਬੱਚਾ ਕੋਠੇ ’ਤੇ ਖੇਡ ਰਿਹਾ ਸੀ ਕਿ ਹਾਈ ਵੋਲਟੇਜ ਤਾਰ ਛੱਤ ਉਪਰ ਡਿੱਗ ਪਈ ਤੇ ਹਾਦਸਾ ਵਾਪਰ ਗਿਆ। ਇਸ ਸਬੰਧੀ ਜਦੋਂ ਪਾਵਰਕੌਮ ਦੇ ਐਕਸੀਅਨ ਟੀ.ਐੱਸ. ਟਿਵਾਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਵਿਭਾਗ ਦੀ ਤਕਨੀਕੀ ਟੀਮ ਨੂੰ ਮੌਕੇ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਹਾਈ ਵੋਲਟੇਜ ਦੀ ਤਾਰ ਟੁੱਟਣ ਕਾਰਨ ਵਾਪਰਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।