ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜਨਵਰੀ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇਕ ਹਫ਼ਤੇ ਦੀ ਰਾਹਤ ਤੋਂ ਬਾਅਦ ਮੁੜ ਚੱਲੀ ਸੀਤ ਲਹਿਰ ਨੇ ਕੰਬਣੀ ਛੇੜ ਦਿੱਤੀ ਹੈ ਜਿਸ ਨੇ ਆਮ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਐਤਵਾਰ ਨੂੰ ਸੀਤ ਲਹਿਰ ਕਰਕੇ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਰਹੇ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਰਾਹਰੀਰ ਘੱਟ ਦਿਖਾਈ ਦਿੱਤੇ। ਇਸ ਦੇ ਨਾਲ ਹੀ ਸ਼ਹਿਰ ਵਿੱਚ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਧੁੰਦ ਪਵੇਗੀ ਅਤੇ ਠੰਢ ਵੱਧਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਸੀ ਜੋ ਆਮ ਨਾਲੋਂ 8 ਡਿਗਰੀ ਘੱਟ ਸੀ ਜਦਕਿ ਘੱਟ ਤੋਂ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਸੀ ਜੋ ਆਮ ਨਾਲੋਂ 4 ਡਿਗਰੀ ਵੱਧ ਸੀ। ਦੂਜੇ ਪਾਸੇ ਠੰਢ ਵਧਣ ਕਰਕੇ ਹਸਪਤਾਲਾਂ ਵਿੱਚ ਖਾਂਸੀ ਤੇ ਜੁਕਾਮ ਤੋਂ ਪੀੜਤ ਮਰੀਜ਼ਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਸੈਕਟਰ-16 ਹਸਪਤਾਲ ਦੀ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਆਮ ਨਾਲੋਂ ਵਧ ਗਈ ਹੈ।