ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜਨਵਰੀ
ਉੱਤਰ ਭਾਰਤ ਵਿੱਚ ਪਈ ਸੰਘਣੀ ਧੁੰਦ ਅਤੇ ਚੱਲ ਰਹੀ ਸੀਤ ਲਹਿਰ ਨੇ ਚੰਡੀਗੜ੍ਹੀਆਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਇਸੇ ਦੇ ਚਲਦਿਆਂ ਚੰਡੀਗੜ੍ਹ ਅਤੇ ਸ਼ਿਮਲਾ ਵਿੱਚ ਤਾਪਮਾਨ ਬਰਾਬਰ ਹੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 19.2 ਡਿਗਰੀ ਸੈਲਸੀਅਸ ਦਰਜ ਕੀਤਾ ਕੀਤਾ ਹੈ ਜੋ ਆਮ ਨਾਲੋਂ 2 ਡਿਗਰੀ ਘੱਟ ਸੀ ਅਤੇ ਘੱਟ ਤੋਂ ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 16.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਸੀ।
ਲੰਘੀ ਰਾਤ ਤੋਂ ਹੀ ਪੈ ਰਹੀ ਸੰਘਣੀ ਧੁੰਦ ਤੋਂ ਬਾਅਦ ਸਵੇਰੇ ਵੀ ਅਸਮਾਨ ਵਿੱਚ ਧੁੰਦ ਚੜ੍ਹੀ ਰਹੀ। ਇਸ ਤੋਂ ਬਾਅਦ ਦੁਪਹਿਰ ਸਮੇਂ ਨਿਕਲੀ ਧੁੱਪ ਕਰਕੇ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ। ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਘੁੰਮਣ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਦਿਖਾਈ ਦਿੱਤੀ। ਬਾਜ਼ਾਰਾਂ ਵਿੱਚ ਗਰਮ ਕੱਪੜਿਆਂ ਦੀ ਖਬੀਦਦਾਰੀ ਹੁੰਦੀ ਰਹੀ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਠੰਢ ਦੀ ਹੋਰ ਮਾਰ ਝੱਲਣੀ ਪਵੇਗੀ।