ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਜੂਨ
ਮੁੱਖ ਅੰਸ਼
- ਇਕ ਹਜ਼ਾਰ ਵਿਦਿਆਰਥੀਆਂ ਨੂੰ ਭੇਜੇ ਨੋਟਿਸ; ਵਿਰੋਧ ਕਾਰਨ ਨੋਟਿਸ ਵਾਪਸ ਲਿਆ
ਇਥੋਂ ਦੇ ਡੀਏਵੀ ਕਾਲਜ ਸੈਕਟਰ-10 ਨੇ ਲੌਕਡਾਊਨ ਦੌਰਾਨ ਹੀ ਵਿਦਿਆਰਥੀਆਂ ਨੂੰ ਜੁਰਮਾਨਾ ਲਾ ਦਿੱਤਾ। ਕਾਲਜ ਨੇ ਇਕ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਜੁਰਮਾਨਾ ਭਰਨ ਲਈ ਨੋਟਿਸ ਭੇਜੇ। ਵਿਦਿਆਰਥੀ ਯੂਨੀਅਨ ਵਲੋਂ ਵਿਰੋਧ ਕਰਨ ’ਤੇ ਕਾਲਜ ਪ੍ਰਸ਼ਾਸਨ ਨੇ ਨੋਟਿਸਾਂ ਨੂੰ ਵਾਪਸ ਲੈ ਲਿਆ। ਇਹ ਜੁਰਮਾਨਾ ਜਨਵਰੀ ਤੇ ਫਰਵਰੀ ਵਿਚ ਪੂਰੀਆਂ ਜਮਾਤਾਂ ਨਾ ਲਾਊਣ ਤੇ ਬਣਦੇ ਬਕਾਏ ਨਾ ਦੇਣ ਕਾਰਨ ਲਾਇਆ ਗਿਆ। ਕਾਲਜ ਨੇ 1 ਜੂਨ ਨੂੰ ਵਿਦਿਆਰਥੀਆਂ ਨੂੰ ਜੁਰਮਾਨੇ ਦੇ ਨੋਟਿਸ ਦਿੱਤੇ ਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਨਾਂ ਕੱਟਣ ਦਾ ਵੀ ਡਰਾਵਾ ਦਿੱਤਾ। ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਜੁਰਮਾਨਾ ਨੋਟਿਸਾਂ ਵਿਚ ਇਹ ਵੀ ਨਹੀਂ ਦੱਸਿਆ ਗਿਆ ਕਿ ਜੁਰਮਾਨਾ ਜਮ੍ਹਾਂ ਕਰਵਾਊਣ ਦੀ ਆਖਰੀ ਤਰੀਕ ਕੀ ਹੈ ਤੇ ਨਾ ਹੀ ਇਸ ਮਾਮਲੇ ਦੀ ਕਿਸੇ ਅਧਿਕਾਰੀ ਨੇ ਸੁਣਵਾਈ ਕੀਤੀ। ਵਿਦਿਆਰਥੀਆਂ ਨੂੰ ਪਹਿਲਾਂ ਕਾਲਜ ਪ੍ਰਬੰਧਕਾਂ ਨੇ ਅਣਸੁਣਿਆ ਕਰ ਕੇ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀ ਜਥੇਬੰਦੀ ਨੇ ਰੋਸ ਪ੍ਰਗਟਾਇਆ। ਡੀਏਵੀ ਕਾਲਜ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਲਕਸ਼ਿਤ ਨੇ ਦੱਸਿਆ ਕਿ ਇਕ ਹਜ਼ਾਰ ਵਿਦਿਆਰਥੀਆਂ ਨੂੰ ਇਕ ਹਜ਼ਾਰ ਤੋਂ ਦਸ ਹਜ਼ਾਰ ਤਕ ਦਾ ਜੁਰਮਾਨਾ ਲਾਇਆ ਗਿਆ ਪਰ ਜਥੇਬੰਦੀ ਨੇ ਇਸ ’ਤੇ ਵਿਰੋਧ ਜਤਾਇਆ। ਕਾਲਜ ਦੇ ਪ੍ਰਿੰਸੀਪਲ ਪਵਨ ਸ਼ਰਮਾ ਨੇ ਦੱਸਿਆ ਕਿ ਕਾਲਜ ਵਲੋਂ ਗਲਤੀ ਨਾਲ ਜੁਰਮਾਨਾ ਨੋਟਿਸ ਭੇਜੇ ਗਏ ਸਨ ਜੋ ਵਾਪਸ ਲੈ ਲਏ ਗਏ ਹਨ।
ਪ੍ਰੀਖਿਆ ਕੇਂਦਰ ਬਦਲਣ ਲਈ 9 ਜੂਨ ਤੱਕ ਸੰਪਰਕ ਕਰਨ ਦੀ ਹਦਾਇਤ
ਸੀਬੀਐਸਈ ਨੇ ਲੌਕਡਾਊਨ ਵਿਚ ਦੂਜੇ ਰਾਜਾਂ ਵਿਚ ਫਸੇ ਵਿਦਿਆਰਥੀਆਂ ਦੇ ਬੋਰਡ ਪ੍ਰੀਖਿਆ ਕੇਂਦਰ ਊਥੇ ਹੀ ਬਣਾਊਣ ਦੀ ਸਹੂਲਤ ਦਿੱਤੀ ਹੈ। ਇਸ ਤਹਿਤ ਵਿਦਿਆਰਥੀ ਆਪਣੇ ਪ੍ਰੀਖਿਆ ਕੇਂਦਰ ਬਦਲਣ ਲਈ ਸਬੰਧਤ ਸਕੂਲਾਂ ਵਿਚ 3 ਤੋਂ 9 ਜੂਨ ਤਕ ਸੰਪਰਕ ਕਰ ਸਕਦੇ ਹਨ। ਇਸ ਤੋਂ ਬਾਅਦ ਸਕੂਲਾਂ ਵਲੋਂ ਵਿਦਿਆਰਥੀਆਂ ਦੇ ਅਲਾਟ ਕੀਤੇ ਕੇਂਦਰ ਬਾਰੇ 16 ਤੋਂ 18 ਜੂਨ ਦਰਮਿਆਨ ਦੱਸਿਆ ਜਾਵੇਗਾ। ਖੇਤਰੀ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮੋਬਾਈਲ ਐਪ ਰਾਹੀਂ 20 ਜੂਨ ਨੂੰ ਪਤਾ ਲੱਗ ਜਾਵੇਗਾ ਕਿ ਊਨ੍ਹਾਂ ਦੇ ਪ੍ਰੀਿਖਆ ਕੇਂਦਰ ਕਿੱਥੇ ਬਣੇ ਹਨ।
ਨਿੱਜੀ ਸਕੂਲ ਦੀ ਨਿਵੇਕਲੀ ਪਹਿਲ
ਇਥੋਂ ਦੇ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਸੈਕਟਰ-40 ਨੇ ਨਿਵੇਕਲੀ ਪਹਿਲ ਕੀਤੀ ਹੈ। ਲੌਕਡਾਊਨ ਕਾਰਨ ਚੰਡੀਗੜ੍ਹ ਦੇ ਸਾਰੇ ਨਿੱਜੀ ਸਕੂਲ ਵੱਖ ਵੱਖ ਢੰਗਾਂ ਨਾਲ ਵਿਦਿਆਰਥੀਆਂ ਦੇ ਮਾਪਿਆਂ ’ਤੇ ਫੀਸਾਂ ਦੇਣ ਲਈ ਦਬਾਅ ਪਾ ਰਹੇ ਹਨ ਪਰ ਸਕੂਲ ਵਲੋਂ ਮਾਪਿਆਂ ਨੂੰ ਸਰਕੁਲਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਊਹ ਲੌਕਡਾਊਨ ਤੋਂ ਬਾਅਦ ਹੀ ਫੀਸ ਜਮ੍ਹਾਂ ਕਰਵਾਊਣ। ਸਕੂਲ ਵਲੋਂ ਲੋੜਵੰਦ ਮਾਪਿਆਂ ਦੀ ਫੀਸ ਮੁਆਫ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਹੈ। ਪ੍ਰਿੰਸੀਪਲ ਪ੍ਰੀਤਿੰਦਰ ਕੌਰ ਨੇ ਦੱਸਿਆ ਕਿ ਮਾਪਿਆਂ ਦੀ ਸਮੱਸਿਆ ਦੇਖਦੇ ਹੋਏ ਲੌਕਡਾਊਨ ਵਿਚ ਫੀਸ ਨਹੀਂ ਮੰਗੀ ਗਈ।