ਮਿਹਰ ਸਿੰਘ
ਕੁਰਾਲੀ, 8 ਮਾਰਚ
ਦੇਸ਼ ਦੇ ਪਹਿਲੇ ਮਾਡਲ ਪਿੰਡ ਸਿੰਘਪੁਰਾ ਵਿੱਚ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਮ ’ਤੇ ਬਣੇ ‘ਜਵਾਹਰ ਮਾਰਗ’ ਦੀ ਹਾਲਤ ਖਸਤਾ ਹੋ ਚੁੱਕੀ ਹੈ ਜਿਸ ਕਾਰਨ ਪਿੰਡ ਨਿਰਾਸ਼ ਹਨ। ਲੋਕਾਂ ਨੇ ਨਹਿਰੂ ਮਾਰਗ ਦੀ ਹਾਲਤ ਨੂੰ ਸੁਧਾਰਨ ਦੀ ਮੰਗ ਕੀਤੀ ਹੈ।
ਪਿੰਡ ਵਾਸੀ ਰਜਿੰਦਰ ਸਿੰਘ, ਸਾਬਕਾ ਸਰਪੰਚ ਜਗਨਾਹਰ ਸਿੰਘ, ਬਲਜੀਤ ਸਿੰਘ, ਗੁਰਨਾਮ ਸਿੰਘ, ਰਜਿੰਦਰ ਸਿੰਘ ਜੋਸ਼ੀ ਅਤੇ ਹੋਰਨਾਂ ਨੇ ਦੱਸਿਆ ਕਿ ਉਸ ਸਮੇਂ ਸਰਕਾਰ ਵੱਲੋਂ ਪਿੰਡ ਸਿੰਘਪੁਰਾ ਨੂੰ ਪਹਿਲੇ ਮਾਡਲ ਪਿੰਡ ਦਾ ਦਰਜਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਤਤਕਾਲੀ ਤੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਗਿਆਨ ਜ਼ੈਲ ਸਿੰਘ, ਰਾਸ਼ਟਰਪਤੀ ਅਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ 10 ਨਵੰਬਰ 1957 ਨੂੰ ਜ਼ੈਲਦਾਰ ਸਵਰਨ ਸਿੰਘ ਦੇ ਯਤਨਾਂ ਨਾਲ ਪਿੰਡ ਦਾ ਦੌਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੰਡਿਤ ਨਹਿਰੂ ਨੇ ਸਾਰੇ ਪਿੰਡ ਦਾ ਪੈਦਲ ਦੌਰਾ ਕਰਦਿਆਂ ਲਾਇਬਰੇਰੀ, ਪਸ਼ੂ ਹਸਪਤਾਲ ਅਤੇ ਡਿਸਪੈਂਸਰੀ ਆਦਿ ਪ੍ਰਾਜੈਕਟਾਂ ਸਮੇਤ ਮਾਡਲ ਗ੍ਰਾਮ ਸਕੀਮ ਦਾ ਨੀਂਹ ਪੱਥਰ ਰੱਖਿਆ ਗਿਆ।
ਰਜਿੰਦਰ ਸਿੰਘ ਜੋਸ਼ੀ ਅਤੇ ਜਗਨਾਹਰ ਸਿੰਘ ਨੇ ਦੱਸਿਆ ਕਿ ਕੁਰਾਲੀ-ਖਰੜ ਸੜਕ ਤੋਂ ਪਿੰਡ ਚਨਾਲੋ ਨੇੜਿਓਂ ਜਿਸ ਸੜਕ ’ਤੇ ਸਫ਼ਰ ਕਰਕੇ ਪੰਡਿਤ ਜਵਾਹਰ ਲਾਲ ਨਹਿਰੂ ਪਿੰਡ ਸਿੰਘਪੁਰਾ ਪੁੱਜੇ ਸਨ ਉਸ ਸੜਕ ਦਾ ਨਾਂ ਕੁਝ ਅਰਸਾ ਬਾਅਦ ਨਾਮ ‘ਜਵਾਹਰ ਮਾਰਗ’ ਰੱਖਿਆ ਗਿਆ ਸੀ। ਇਸ ਸੜਕ ਦਾ ਨੀਂਹ ਪੱਥਰ ਸਾਂਝੇ ਪੰਜਾਬ ਦੇ ਜ਼ਿਲ੍ਹਾ ਅੰਬਾਲਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਐੱਸਐੱਸ ਬੇਦੀ ਵੱਲੋਂ 5 ਮਾਰਚ 1965 ਨੂੰ ਪੱਥਰ ਰੱਖਿਆ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਉੱਤੇ ਹੀ ਹੁਣ ਚਨਾਲੋਂ ਦਾ ਫੋਕਲ ਪੁਆਂਇੰਟ ਵੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਸੜਕ ਦੀ ਸਾਰ ਤੱਕ ਨਹੀਂ ਲਈ ਜਿਸ ਕਾਰਨ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਨਹਿਰੂ ਮਾਰਗ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਸੜਕ ਵਿੱਚ ਵੱਡੇ ਟੋਏ ਪਏ ਹੋਏ ਹਨ ਅਤੇ ਬਰਸਾਤ ਦੇ ਮੌਸਮ ਵਿੱਚ ਛੱਪੜ ਦਾ ਰੂਪ ਧਾਰਨ ਕਰ ਜਾਂਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਦੀ ਹਾਲਤ ਸਬੰਧੀ ਬਹੁਤ ਵਾਰ ਆਗੂਆਂ ਨੂੰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਕਿਸੇ ਨੇ ਵੀ ਸੜਕ ਦੀ ਸਾਰ ਨਹੀਂ ਲਈ। ਪਿੰਡ ਵਾਸੀਆਂ ਨੇ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।