ਹਰਜੀਤ ਸਿੰਘ
ਜ਼ੀਰਕਪੁਰ, 8 ਮਾਰਚ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਜ਼ੀਰਕਪੁਰ ਵਿੱਚ ਅੰਡਰਬ੍ਰਿਜ ਦੇ ਨਿਰਮਾਣ ਕਾਰਜ ਬਾਰੇ ਪਿਆ ਭੰਬਲਭੂਸਾ ਦੂਰ ਹੋ ਗਿਆ ਹੈ। ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਥੇ ਅੰਡਰਬ੍ਰਿਜ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਸੀ ਜਦਕਿ ਇਹ ਹੁਣ ਸਪਸ਼ਟ ਹੋਇਆ ਹੈ ਕਿ ਇਥੇ ਓਵਰਪਾਸ ਬਣ ਰਿਹਾ ਹੈ। ਪਿਛਲੇ ਕੁਝ ਸਮੇਂ ਇਥੇ ਨਿਰਮਾਣ ਕਾਰਜ ਚੱਲ ਰਿਹਾ ਹੈ ਜੋ ਛੇ ਮਹੀਨੇ ਵਿੱਚ ਮੁਕੰਮਲ ਹੋਣਾ ਹੈ। ਜਾਣਕਾਰੀ ਅਨੁਸਾਰ 800 ਮੀਟਰ ਲੰਮੇ ਇਸ ਪੁਲ (ਓਵਰਪਾਸ) ਦੀ ਉਸਾਰੀ ਜਲੰਧਰ ਦੀ ਕੰਪਨੀ ‘ਐਸੋਸੀਏਟ ਇੰਜਨੀਅਰ’ ਕਰ ਰਹੀ ਹੈ। ਇਸ ਪੁਲ ਦੇ ਹੇਠ ਇੱਕ ਕ੍ਰਾਸਿੰਗ ਬਣਾਈ ਜਾ ਰਹੀ ਹੈ, ਜਿਥੋਂ ਜ਼ੀਰਕਪੁਰ ਤੋਂ ਯੂ-ਟਰਨ ਲੈਣ ਵਾਲੇ ਵਾਹਨ ਅਤੇ ਵਿਸ਼ੇਸ਼ ਤੌਰ ’ਤੇ ਭਬਾਤ ਗੁਦਾਮ ਖੇਤਰ ’ਚੋਂ ਮਾਲ ਲੈ ਕੇ ਆਉਣ-ਜਾਣ ਵਾਲੇ ਵਾਹਨ ਲੰਘ ਸਕਣਗੇ। ਇਸ ਤੋਂ ਪਹਿਲਾਂ ਇਨ੍ਹਾਂ ਵਾਹਨ ਚਾਲਕਾਂ ਨੂੰ ਚੰਡੀਗੜ੍ਹ ਦੀ ਹੱਦ ਨੇੜੇ ਜ਼ੀਰਕਪੁਰ ਵਿੱਚ ਲੱਗੀਆਂ ਟਰੈਫਿਕ ਲਾਈਟਾਂ ਤੋਂ ਮੁੜਨਾ ਪੈਂਦਾ ਸੀ। ਵਾਹਨਾਂ ਕਾਰਨ ਲਾਈਟਾਂ ’ਤੇ ਜਾਮ ਲੱਗ ਜਾਂਦਾ ਸੀ ਜਿਸ ਤੋਂ ਨਿਜਾਤ ਦਿਵਾਉਣ ਲਈ ਇਥੇ ਪੁਲ ਬਣਾਇਆ ਜਾ ਰਿਹਾ ਹੈ। ਇਸ ਦੀ ਉਸਾਰੀ ਮਗਰੋਂ ਚੰਡੀਗੜ੍ਹ ਹੱਦ ਨੇੜਲੀਆਂ ਟਰੈਫਿਕ ਲਾਈਟਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਪੁਲ ਦੇ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਇਥੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ।