ਜਗਮੋਹਨ ਸਿੰਘ
ਘਨੌਲੀ, 19 ਨਵੰਬਰ
ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਕੰਟਰੈਕਟਰ ਵਰਕਰਾਂ ਨੇ ਅੱਜ ਥਰਮਲ ਪਲਾਂਟ ਦਾ ਮੁੱਖ ਗੇਟ ਘੇਰ ਕੇ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਥਰਮਲ ਪਲਾਂਟ ਦੇ ਅਫ਼ਸਰਾਂ ਨੂੰ ਪਿਛਲੇ ਗੇਟ ਰਾਹੀਂ ਆਪਣੀ ਡਿਊਟੀ ’ਤੇ ਜਾਣਾ ਪਿਆ। ਥਰਮਲ ਪਲਾਂਟ ਸੰਘਰਸ਼ ਕਮੇਟੀ ਦੇ ਬੈਨਰ ਅਧੀਨ ਲੜਾਈ ਲੜ ਰਹੇ ਕੰਟਰੈਕਟਰ ਕਾਮਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਨੈਨਸੀ ਸ਼ਰਮਾ ਨੇ ਕਿਹਾ ਕਿ ਉਸ ਨੂੰ ਕੰਪਿਊਟਰ ਸਾਇੰਸ ਦੀ ਡਿਗਰੀ ਪਾਸ ਹੋਣ ਦੇ ਬਾਵਜੂਦ ਸਿਰਫ਼ 10-12 ਹਜ਼ਾਰ ਰੁਪਏ ਤਨਖ਼ਾਹ ਮਿਲ ਰਹੀ ਹੈ ਜਦੋਂਕਿ ਥਰਮਲ ਪਲਾਂਟ ਦੇ ਸੇਵਾਮੁਕਤ ਹੋ ਕੇ ਦੁਬਾਰਾ ਨੌਕਰੀ ’ਤੇ ਲੱਗੇ ਬਿਰਧ ਮੁਲਾਜ਼ਮਾਂ ਦੀਆਂ ਉਜ਼ਰਤਾਂ ਵਿੱਚ 10 ਹਜ਼ਾਰ ਰੁਪਏ ਪ੍ਰਤੀ ਮਹੀਨੇ ਦਾ ਵਾਧਾ ਕਰ ਦਿੱਤਾ ਹੈ। ਦਿਹਾੜੀਦਾਰ ਕਾਮੇ ਹਰਪਾਲ ਸਿੰਘ ਨੇ ਰੋਸ ਜ਼ਾਹਰ ਕੀਤਾ ਕਿ ਕੱਚੇ ਤੇ ਪੱਕੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵੱਡਾ ਫ਼ਰਕ ਹੈ। ਰਾਜ ਕੁਮਾਰ ਤਿਵਾੜੀ, ਜਗਵਿੰਦਰ ਸਿੰਘ, ਪਵਨਪ੍ਰੀਤ ਸਿੰਘ, ਤਰੁਣ ਲੋਤਰਾ, ਮਹਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਆਦਿ ਨੇ ਕਿਹਾ ਨੂੰਹੋਂ ਕਾਲੋਨੀ ਦੇ ਕੁਆਰਟਰਾਂ ਦੀ ਅਲਾਟਮੈਂਟ ਵਿੱਚ ਵੀ ਸੇਵਾਮੁਕਤ ਮੁਲਾਜ਼ਮਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ ਜਦੋਂਕਿ ਕੰਟਰੈਕਟਰ ਵਰਕਰ ਰਿਹਾਇਸ਼ ਲਈ ਇੱਧਰ-ਉਧਰ ਭਟਕ ਰਹੇ ਹਨ। ਇਸ ਦੌਰਾਨ ਐੱਸਐੱਚਓ ਸਿਮਰਨਜੀਤ ਸਿੰਘ ਤੇ ਚੌਕੀ ਇੰਚਾਰਜ ਸਮਰਜੀਤ ਸਿੰਘ ਨੇ ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਰਾਹੀਂ ਜਥੇਬੰਦਕ ਆਗੂਆਂ ਨੂੰ 21 ਨਵੰਬਰ ਨੂੰ ਪੀਐੱਸਪੀਸੀਐੱਲ ਦੇ ਡਾਇਰਕੈਟਰ ਪ੍ਰਬੰਧਕੀ ਨਾਲ ਮੀਟਿੰਗ ਦਾ ਸਮਾਂ ਦਿਵਾ ਕੇ ਜਾਮ ਖੁੱਲ੍ਹਵਾ ਦਿੱਤਾ, ਪਰ ਸੰਘਰਸ਼ ਕਮੇਟੀ ਦੀ ਭੁੱਖ ਹੜਤਾਲ ਜਾਰੀ ਹੈ।