ਮੁਕੇਸ਼ ਕੁਮਾਰ
ਚੰਡੀਗੜ੍ਹ, 23 ਦਸੰਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਕੇਂਦਰ ਸਰਕਾਰ ਦੀ ‘ਪ੍ਰਧਾਨ ਮੰਤਰੀ ਸਟਰੀਟ ਵੈਂਡਰਜ਼ ਆਤਮ ਨਿਰਭਰ ਨਿਧੀ’ (ਪ੍ਰਧਾਨ ਮੰਤਰੀ ਸਵਨਿਧੀ) ਯੋਜਨਾ ਤਹਿਤ ਅੱਜ ਨਿਗਮ ਦਫ਼ਤਰ ਵਿਚ ਲਾਭਪਾਤਰੀਆਂ ਲਈ ਕਰਜ਼ਾ ਵੰਡ ਕੈਂਪ ਲਗਾਇਆ ਗਿਆ। ਇਹ ਯੋਜਨਾ ਕੋਵਿਡ-19 ਦੌਰਾਨ ਪ੍ਰਭਾਵਿਤ ਹੋਏ ਸਟਰੀਟ ਵੈਂਡਰਾਂ ਲਈ ਕਿਫਾਇਤੀ ਦਰ ’ਤੇ ਕਰਜ਼ਾ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਸੀ। ਚੰਡੀਗੜ੍ਹ ਦੇ ਲਾਭਪਾਤਰੀ ਸਟਰੀਟ ਵੈਂਡਰਾਂ ਲਈ ਨਗਰ ਨਿਗਮ ਦਫ਼ਤਰ ਵਿਚ ਲਗਾਏ ਗਏ ਕੈਂਪ ਦੌਰਾਨ ਅੱਜ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਬੈਂਕਾਂ ਵੱਲੋਂ ਜਾਰੀ ਕਰਜ਼ਿਆਂ ਦੇ ਕਾਗਜ਼ ਸੌਂਪੇ। ਉਨ੍ਹਾਂ ਇਸ ਮੌਕੇ ਕਿਹਾ ਕਿ ਸ਼ਹਿਰ ਦੇ ਸਟਰੀਟ ਵੈਂਡਰ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਦਾ ਲਾਭ ਲੈਣ ਅਤੇ ਵੈਂਡਰਾਂ ਦੀ ਲਾਇਸੈਂਸ ਫੀਸ ਵਿੱਚ 500 ਰੁਪਏ ਪ੍ਰਤੀ ਮਹੀਨੇ ਦੀ ਛੋਟ ਪ੍ਰਾਪਤ ਕਰਨ ਲਈ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਵੈਂਡਰਾਂ ਨੂੰ ਦਸ ਹਾਜ਼ਰ ਰੁਪਏ ਦਾ ਕਰਜ਼ਾ ਇੱਕ ਸਾਲ ਲਈ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਲੈ ਕੇ ਸਟਰੀਟ ਵੈਂਡਰਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਵੱਲੋਂ ਐਨਫੋਰਸਮੈਂਟ ਵਿੰਗ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਕੈਂਪ ਲਗਾਏ ਗਏ ਸਨ। ਇਸ ਦੌਰਾਨ ਕੁੱਲ 2029 ਸਟਰੀਟ ਵੈਂਡਰਾਂ ਨੇ ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਭਰੀਆਂ ਸਨ, ਜਿਨ੍ਹਾਂ ਵਿੱਚੋਂ 1139 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਗਰ ਨਿਗਮ ਵੱਲੋਂ ਇਸ ਯੋਜਨਾ ਨੂੰ ਲੈ ਕੇ ਵੱਖ-ਵੱਖ ਬੈਂਕਾਂ ਨਾਲ ਗਠਜੋੜ ਕੀਤਾ ਗਿਆ ਹੈ।
ਸੀਵਰੇਜ ਕਰਮਚਾਰੀਆਂ ਲਈ ਸਿਖਲਾਈ ਵਰਕਸ਼ਾਪ
ਚੰਡੀਗੜ੍ਹ ਨਗਰ ਨਿਗਮ ਵੱਲੋਂ ‘ਸਫਾਈ ਮਿੱਤਰ ਸੁਰੱਕਸ਼ਾ ਚੈਂਲੇਂਜ’ ਯੋਜਨਾ ਤਹਿਤ ਨਿਗਮ ਦੇ ਸੀਵਰੇਜ ਵਿੰਗ ਦੇ ਕਰਮਚਾਰੀਆਂ ਲਈ ਇੱਕ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਉਦਘਾਟਨ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕੀਤਾ। ਵਰਕਸ਼ਾਪ ਦੌਰਾਨ ਪੰਚਕੁਲਾ ਦੀ ਸੇਫਟੀ ਪ੍ਰੋਫੈਸ਼ਨਲ ਐੱਚਐੱਸਸੀ ਪ੍ਰਕਾਸ਼ ਕੰਸਲਟੈਂਟ ਕੰਪਨੀ ਵੱਲੋਂ ਸੀਵਰ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਗਈ। ਇਸ ਦੌਰਾਨ ਐੱਮਐੱਸ ਐਕਟ 2013 ਦੀਆਂ ਮਹੱਤਵਪੂਰਣ ਧਾਰਾਵਾਂ ਬਾਰੇ ਵੀ ਦੱਸਿਆ ਗਿਆ। ਵਰਕਸ਼ਾਪ ਦੌਰਾਨ ਹਾਜ਼ਰ ਸੀਵਰੇਜ ਵਿੰਗ ਦੇ ਕਰਮਚਾਰੀਆਂ ਨੂੰ ਕੰਪਨੀ ਦੇ ਮਾਹਿਰਾਂ ਵੱਲੋਂ ਸੀਵਰੇਜ ਸਾਫ ਕਰਨ ਵਾਲੀਆਂ ਮਸ਼ੀਨਾਂ, ਸੁਰੱਖਿਆ ਸਾਮਾਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਉਪਲਬਧ ਕਰਵਾਈ ਗਈ। ਵਰਕਸ਼ਾਪ ਦੌਰਾਨ ਦੱਸਿਆ ਗਿਆ ਕਿ ਚੰਡੀਗੜ੍ਹ ਵਿੱਚ ਨਿਗਮ ਵੱਲੋਂ ਸੀਵਰੇਜ ਲਾਈਨਾਂ ਸਾਫ ਕਰਨ ਲਈ ਮਨੁੱਖੀ ਲੇਬਰ ਦੀ ਸੀਵਰੇਜ ਦੇ ਮੈਨਹੋਲ ਦੇ ਅੰਦਰ ਜਾਣ ਦੀ ਪੁਰਾਣੀ ਰਿਵਾਇਤ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਕਾਰਜ ਲਈ ਮਸ਼ੀਨਾਂ ਦੀ ਵਰਤੋਂ ਲਾਜ਼ਮੀ ਕੀਤੀ ਗਈ ਹੈ।