ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 25 ਮਈ
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਸ਼ਹਿਰ ਦੀ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਅੱਜ ਸੈਕਟਰ 26 ਸਥਿਤ ਸਬਜ਼ੀ ਮੰਡੀ ਦਾ ਨਿਰੀਖਣ ਕੀਤਾ ਅਤੇ ਮਾਰਕੀਟ ਵਿੱਚ ਫੈਲੀ ਗੰਦਗੀ ਅਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੀਤੇ ਨਾਜਾਇਜ ਕਬਜ਼ਿਆਂ ਨੂੰ ਲੈ ਕੇ ਨਿਗਮ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਝਾੜ-ਝੰਬ ਕੀਤੀ ਤੇ ਮਾਰਕੀਟ ਕੰਪਲੈਕਸ ਅੰਦਰ ਸਫਾਈ ਪ੍ਰਬੰਧ ਮਜ਼ਬੂਤ ਕਰਨ ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖਤ ਕਾਰਵਾਈ ਦੇ ਆਦੇਸ਼ ਦਿੱਤੇ।
ਨਿਰੀਖਣ ਦੌਰਾਨ ਨਿਗਮ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੇ ਮੰਡੀ ਵਿੱਚ ਬੇਢੰਗੇ ਬੈਠੇ ਸਬਜ਼ੀਆਂ ਅਤੇ ਫਲਾਂ ਆਦਿ ਦੇ ਪ੍ਰਚੂਨ ਵਿਕਰੇਤਾਵਾਂ ਅਤੇ ਉਨ੍ਹਾਂ ਵੱਲੋਂ ਉਥੇ ਫਲਾਂ ‘ਤੇ ਸਬਜ਼ੀਆਂ ਦੀ ਰਹਿੰਦ ਖੂਹੰਦ ਦੇ ਪਾਏ ਖਿਲਾਰੇ ਨੂੰ ਗੰਭੀਰਤਾ ਨਾਲ ਲਿਆ। ਨਿਗਮ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪ੍ਰਚੂਨ ਸਬਜ਼ੀ ਵਿਕਰੇਤਾਵਾਂ ਲਈ ਢੁੱਕਵੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਨੂੰ ਕੂੜਾ ਨਿਰਧਾਰਤ ਥਾਵਾਂ ’ਤੇ ਸੁੱਟਣ ਲਈ ਮਾਰਗਦਰਸ਼ਨ ਕਰਨ। ਉਨ੍ਹਾਂ ਮੰਡੀ ਦੇ ਏਰੀਏ ਦੀ ਰੋਜ਼ਾਨਾ ਤਿੰਨ ਵਾਰ ਸਫ਼ਾਈ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਨਿਯਮਿਤ ਤੌਰ ’ਤੇ ਚਲਾਨ ਕੀਤੇ ਜਾਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਮਿਉਂਸਪਲ ਸਾਲਿਡ ਵੇਸਟ ਦੇ ਉੱਪ-ਨਿਯਮਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਮੰਡੀ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਸੋਲਰ ਲਾਈਟਾਂ ਨਾਲ ਰੁਸ਼ਨਾਏਗਾ ‘ਜਪਾਨੀ ਗਾਰਡਨ’
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਦਾ ਜਪਾਨੀ ਗਾਰਡਨ ਹੁਣ ਸੌਰ ਊਰਜਾ ਦੀਆਂ ਲਾਈਟਾਂ ਨਾਲ ਰੋਸ਼ਨ ਹੋਵੇਗਾ। ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਇੱਥੇ ਸੈਕਟਰ 31 ਸਥਿਤ ਜਪਾਨੀ ਗਾਰਡਨ ’ਚ ਲਗਪਗ ਸਾਢੇ ਛੇ ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ ਪਾਇਲਟ ਪ੍ਰਾਜੈਕਟ ਵਜੋਂ ਲਗਾਈਆਂ ਜਾਣ ਵਾਲੀਆਂ ‘ਇੰਟੀਗ੍ਰੇਟਡ ਸੋਲਰ ਗਾਰਡਨ ਲਾਈਟਾਂ’ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਮੇਅਰ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਨੇ ਇਹ ਵੀ ਫ਼ੈਸਲਾ ਕੀਤਾ ਕਿ ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਸ਼ਹਿਰ ਦੇ ਬਾਕੀ ਦੇ ਪਾਰਕਾਂ ਵਿੱਚ ਵੀ ਇਹ ਲਾਈਟਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਹੋਰ ਮਹੱਤਵਪੂਰਨ ਏਜੰਡਿਆਂ ’ਤੇ ਚਰਚਾ ਕੀਤੀ ਅਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਅਨੁਮਾਨਤ ਖਰਚੇ ਨੂੰ ਹਰਿ ਝੰਡੀ ਦਿੱਤੀ।