ਮੁਕੇਸ਼ ਕੁਮਾਰ
ਚੰਡੀਗੜ੍ਹ, 30 ਨਵੰਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਨੇ ਵਾਤਾਵਰਨ (ਸੁਰੱਖਿਆ) ਐਕਟ ਦੀ ਉਲੰਘਣਾ ਕਰਨ ਵਾਲੀਆਂ ਸੁਸਾਇਟੀਆਂ ਦੇ ਬਾਹਰ ‘ਨਾਨ-ਕੰਪਲਾਇੰਸ ਸੁਸਾਇਟੀ’ ਹੋਰਡਿੰਗਜ਼ ਲਗਾ ਦਿੱਤੇ ਹਨ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਨੇ ਵਾਤਾਵਰਨ (ਸੁਰੱਖਿਆ) ਐਕਟ, 1986 ਦੀ ਧਾਰਾ 5 ਅਧੀਨ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ, 2016 ਦੀ ਪਾਲਣਾ ਨਾ ਕਰਨ ਲਈ ਚਾਰ ਸੁਸਾਇਟੀਆਂ ਬੀਐੱਸਐੱਨਐੱਲ ਸੁਸਾਇਟੀ ਸੈਕਟਰ 50, ਪ੍ਰੋਗਰੈਸਿਵ ਸੁਸਾਇਟੀ ਸੈਕਟਰ 50, ਪੁਸ਼ਪਕ ਸੁਸਾਇਟੀ ਸੈਕਟਰ 50 ਤੇ ਕੇਂਦਰੀ ਵਿਹਾਰ ਸੁਸਾਇਟੀ ਸੈਕਟਰ 48 ਨੂੰ ਨੋਟਿਸ ਜਾਰੀ ਕੀਤੇ ਹੋਏ ਸਨ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਮੈਂਬਰ ਸਕੱਤਰ ਸੀਪੀਸੀਸੀ ਨੇ ਸੁਸਾਇਟੀਆਂ ਨੂੰ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਉਲੰਘਣਾ ਕਰਨ ਵਾਲੀਆਂ ਸੁਸਾਇਟੀਆਂ ਦੇ ਬਾਹਰ ‘ਨਾਨ-ਕੰਪਲਾਇੰਸ ਸੁਸਾਇਟੀ’ ਦੇ ਪ੍ਰਦਰਸ਼ਿਤ ਚਿੰਨ੍ਹ ਲਗਾਉਣ ਦੀ ਹਦਾਇਤ ਕੀਤੀ ਸੀ। ਸੀਪੀਸੀਸੀ ਦੇ ਮੈਂਬਰ ਸਕੱਤਰ ਦੇਬੇਂਦਰ ਦਲਾਈ ਵੱਲੋਂ ਭੇਜੇ ਨੋਟਿਸ ਅਨੁਸਾਰ ਇਨ੍ਹਾਂ ਸੁਸਾਇਟੀਆਂ ਵੱਲੋਂ ਵੇਸਟ ਮੈਨੇਜਮੈਂਟ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ। ਨੋਟਿਸ ਰਾਹੀਂ ਸੁਸਾਇਟੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਤੇ ਇਸ ਸਬੰਧੀ ਕਾਰਵਾਈ ਦੀ ਸੂਚਨਾ ਇਸ ਨੋਟਿਸ ਦੇ ਜਾਰੀ ਹੋਣ ਤੋਂ ਸੱਤ ਦਿਨਾਂ ਦੇ ਅੰਦਰ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਤੇ ਨਗਰ ਨਿਗਮ ਚੰਡੀਗੜ੍ਹ ਨੂੰ ਦੇਣ ਦੀ ਹਿਦਾਇਤ ਕੀਤੀ ਗਈ ਸੀ।