ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 1 ਸਤੰਬਰ
ਮੁਹਾਲੀ ਨਗਰ ਨਿਗਮ ਨੇ ਸੀਵਰੇਜ ਅਤੇ ਡਰੇਨਾਂ ਦੀ ਸਫ਼ਾਈ ਲਈ 80 ਲੱਖ ਰੁਪਏ ਦੀ ਲਾਗਤ ਨਾਲ ਦੋ ਹੋਰ ਨਵੀਆਂ ਮਸ਼ੀਨਾਂ ਖ਼ਰੀਦੀਆਂ ਹਨ। ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਨਿਗਮ ਕਮਿਸ਼ਨਰ ਨਵਜੋਤ ਕੌਰ ਨੇ ਇਨ੍ਹਾਂ ਦੋਵੇਂ ਮਸ਼ੀਨਾਂ ਦਾ ਨਿਰੀਖਣ ਕੀਤਾ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦਾ ਖੇਤਰਫਲ ਵਧਣ ਦੇ ਨਾਲ-ਨਾਲ ਜਨ ਸਿਹਤ ਵਿਭਾਗ ਨੂੰ ਸੀਵਰੇਜ ਅਤੇ ਡਰੇਨੇਜ਼ ਜਾਮ ਖੋਲ੍ਹਣ ਵਿੱਚ ਕਾਫ਼ੀ ਸਮੱਸਿਆ ਆਉਂਦੀ ਸੀ ਅਤੇ ਇਕ ਹੀ ਮਸ਼ੀਨ ਹੋਣ ਕਾਰਨ ਜਾਮ ਹੋਏ ਸੀਵਰੇਜ ਖੋਲ੍ਹਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਸੀ ਪਰ ਹੁਣ ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਬਾਵਾ ਵਾਈਟ ਹਾਊਸ ਵਾਲੀ ਸੜਕ ’ਤੇ ਨਵੀਂ ਸੀਵਰੇਜ ਲਾਈਨ ਪਾਈ ਜਾ ਚੁੱਕੀ ਹੈ। ਇਸ ਮੌਕੇ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਸੀਵਰੇਜ ਅਤੇ ਸਟਾਰਮ ਸੀਵਰ ਜਾਮ ਹੋਣ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਨੇ ਇਹ ਇੰਤਜ਼ਾਮ ਕੀਤੇ ਹਨ।