ਮੁਕੇਸ਼ ਕੁਮਾਰ
ਚੰਡੀਗੜ੍ਹ, 1 ਜਨਵਰੀ
ਚੰਡੀਗੜ੍ਹ ਨਗਰ ਨਿਗਮ ਨੇ ਇਥੇ ਡੱਡੂਮਾਜਰਾ ਸਥਿਤ ਗਾਰਬੇਜ ਪ੍ਰਾਸੈਸਿੰਗ ਪਲਾਂਟ ਨੂੰ ਜੇਪੀ ਐਸੋਸੀਏਟਸ ਤੋਂ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਇਸ ਪਲਾਂਟ ਦੇ ਸੰਚਾਲਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਨਿਗਮ ਨੇ ਜੇਪੀ ਐਸੋਸੀਏਟਸ ’ਤੇ ਦੋਸ਼ ਲਾਇਆ ਸੀ ਕਿ ਪਲਾਂਟ ਨੂੰ ਸਹੀ ਢੰਗ ਨਾਲ ਨਹੀਂ ਚਲਾਇਆ ਜਾ ਰਿਹਾ ਅਤੇ ਸਮਝੌਤੇ ਅਨੁਸਾਰ ਕੰਮ ਨਾ ਕਰਨ ਦੀ ਦਲੀਲ ਦੇ ਕੇ ਲੰਘੇ ਸਾਲ ਜੂਨ ਮਹੀਨੇ ਵਿੱਚ ਪਲਾਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਮਗਰੋਂ ਨਿਗਮ ਵਲੋਂ ਇਸ ਪਲਾਂਟ ਨੂੰ ਖੁਦ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਕਾਰਵਾਈ ਨੂੰ ਛੇ ਮਹੀਨੇ ਲੰਘਣ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਇਸ ਪਲਾਂਟ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਅਸਫਲ ਰਿਹਾ ਹੈ। ਨਿਗਮ ਨੇ ਇਸ ਪਲਾਂਟ ਨੂੰ ਮੁੜ ਕਿਸੇ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰਨ ਲਈ ਲੰਘੇ ਦਿਨ ਹੋਈ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਪ੍ਰਸਤਾਵ ਪੇਸ਼ ਕੀਤਾ ਸੀ। ਹੰਗਾਮੇ ਮਗਰੋਂ ਇਸ ਪ੍ਰਸਤਾਵ ਨੂੰ ਬਿਨਾਂ ਚਰਚਾ ਤੋਂ ਪਾਸ ਕਰ ਦਿੱਤਾ ਗਿਆ ਸੀ। ਜਦੋਂ ਇਸ ਪ੍ਰਸਤਾਵ ਨੂੰ ਪਾਸ ਕੀਤਾ ਗਿਆ ਤਾਂ ਉਸ ਵੇਲੇ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਸ਼ਹਿਰ ਵਿੱਚ ਪਾਣੀ ਦੀਆਂ ਵਧਾਈਆਂ ਕੀਮਤਾਂ ਖ਼ਿਲਾਫ਼ ਥਾਲੀਆਂ ਤੇ ਕੜਛੀਆਂ ਖੜਕਾ ਰਹੇ ਸਨ। ਇਸ ਮਗਰੋਂ ਭਾਜਪਾ ਕੌਂਸਲਰਾਂ ਨੇ ਵੀ ਇਸ ਮਹੱਤਵਪੂਰਨ ਪ੍ਰਸਤਾਵ ਨੂੰ ਲੈ ਕੇ ਚਰਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਦਾ ਮੁੱਦਾ ਅਹਿਮ ਹੈ।
ਨਗਰ ਨਿਗਮ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਸ਼ਹਿਰ ਵਿੱਚ ਕੂੜੇ ਦੇ ਨਿਪਟਾਰੇ ਲਈ ਸਾਰਥਕ ਪ੍ਰਬੰਧ ਨਾ ਹੋਣ ਕਾਰਨ ਕਈ ਵਾਰ ਤਾੜਨਾ ਕੀਤੀ ਚੁੱਕੀ ਹੈ ਅਤੇ ਇਸ ਗਾਰਬੇਜ ਪਲਾਂਟ ਦਾ ਰੇੜਕਾ ਹਮੇਸ਼ਾ ਹੀ ਚਰਚਾ ਵਿੱਚ ਰਿਹਾ ਹੈ। ਨਿਗਮ ਨੇ ਜੇਪੀ ਐਸੋਸੀਏਟ ਨੂੰ ਪਲਾਂਟ ਵਿੱਚ ਸ਼ਹਿਰ ਦਾ ਕੂੜਾ ਠੀਕ ਤਰ੍ਹਾਂ ਪ੍ਰਾਸੈਸ ਕਰਨ ਲਈ ਕਈ ਵਾਰ ਕਿਹਾ ਸੀ। ਦੂਜੇ ਪਾਸੇ ਪਲਾਂਟ ਪ੍ਰਬੰਧਕਾਂ ਨੇ ਨਗਰ ਨਿਗਮ ਨੂੰ ਸਮਝੌਤੇ ਅਨੁਸਾਰ ਕੂੜਾ ਪਲਾਂਟ ਤੱਕ ਨਾ ਪਹੁੰਚਾਉਣ ਦਾ ਦੋਸ਼ ਲਗਾਇਆ ਸੀ ਅਤੇ ਰਲੇ-ਮਿਲੇ ਕੂੜੇ ਨੂੰ ਪ੍ਰਾਸੈਸ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸੇ ਰੇੜਕੇ ਕਾਰਨ ਨਗਰ ਨਿਗਮ ਨੇ ਪਲਾਂਟ ਦਾ ਕਬਜ਼ਾ ਆਪਣੇ ਹੱਥਾਂ ਵਿੱਚ ਲੈ ਲਿਆ ਸੀ।
ਪਲਾਂਟ ਵਿੱਚ ਰੋਜ਼ਾਨਾ ਸਿਰਫ 100 ਟਨ ਕੂੜੇ ਦੀ ਪ੍ਰਾਸੈਸਿੰਗ ਹੁੰਦੀ ਹੈ
ਜੇਪੀ ਐਸੋਸੀਏਟਸ ਤੋਂ ਕਬਜ਼ੇ ਵਿੱਚ ਲੈਣ ਤੋਂ ਬਾਅਦ ਫਿਲਹਾਲ ਨਗਰ ਨਿਗਮ ਹੀ ਇਹ ਪਲਾਂਟ ਨੂੰ ਚਲਾ ਰਿਹਾ ਹੈ। ਇਸ ਸਮੇਂ ਸ਼ਹਿਰ ਵਿਚੋਂ ਰੋਜ਼ਾਨਾ 450 ਟਨ ਕੂੜਾ ਇੱਕਠਾ ਹੁੰਦਾ ਹੈ ਪਰ ਇਸ ਪਲਾਂਟ ਵਿੱਚ ਮੁਸ਼ਕਲ ਨਾਲ 100 ਟਨ ਕੂੜੇ ਦੀ ਹੀ ਪ੍ਰਾਸੈਸਿੰਗ ਕੀਤੀ ਜਾ ਰਹੀ ਹੈ। ਨਿਗਮ ਵੱਲੋਂ ਇਸ ਪਲਾਂਟ ਨੂੰ ਮਾਰਚ ਮਹੀਨੇ ਤੋਂ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।