ਹਰਜੀਤ ਸਿੰਘ
ਡੇਰਾਬੱਸੀ, 13 ਅਕਤੂਬਰ
ਦੂਜੀ ਲਹਿਰ ਕ੍ਰਾਂਤੀ ਸੰਸਥਾ ਦੇ ਅਹੁਦੇਦਾਰਾਂ ਨੇ ਅੱਜ ਦੋਸ਼ ਲਾਇਆ ਕਿ ਨਗਰ ਕੌਂਸਲ ਦੀ ਵਾਰਡ ਨੰਬਰ 13 ਦੀ ਕੌਂਸਲਰ ਆਸ਼ੂ ਉਪਨੇਜਾ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਹੋਏ ਨਾਜਾਇਜ਼ ਉਸਾਰੀ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਸੰਸਥਾ ਦੇ ਪ੍ਰਧਾਨ ਬਲਕਾਰ ਸਿੰਘ, ਜਨਰਲ ਸਕੱਤਰ ਮਦਨ ਸ਼ਰਮਾ ਅਤੇ ਕੈਸ਼ੀਅਰ ਸਪਨਾ ਗਾਂਧੀ ਨੇ ਕਿਹਾ ਕਿ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਵੱਲੋਂ ਅਸਤੀਫਾ ਦੇਣ ਮਗਰੋਂ ਇਹ ਅਹੁਦਾ ਖਾਲੀ ਹੋ ਗਿਆ ਹੈ। ਪ੍ਰਧਾਨਗੀ ਦੀ ਦੌੜ ਵਿੱਚ ਵਾਰਡ ਨੰਬਰ 13 ਤੋਂ ਕੌਂਸਲਰ ਆਸ਼ੂ ਉਪਨੇਜਾ ਦਾ ਨਾਂਅ ਮੋਹਰੀ ਕਤਾਰ ਵਿੱਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੌਂਸਲਰ ਅਤੇ ਉਸ ਦੇ ਪਤੀ ਨਰੇਸ਼ ਉਪਨੇਜਾ ਵੱਲੋਂ ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਅਣਅਧਿਕਾਰਤ ਤੌਰ ’ਤੇ ਬਿਨਾਂ ਕਿਸੇ ਮਨਜ਼ੂਰੀ ਤੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਕਮਰਸ਼ੀਅਰ ਸ਼ੋਅਰੂਮ ਬਣਾਇਆ ਹੋਇਆ ਹੈ। ਇਹ ਸ਼ੋਅਰੂਮ ਇਕ ਕਾਰ ਕੰਪਨੀ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ। ਇਸ ਇਮਾਰਤ ਦਾ ਨਾ ਤਾਂ ਨਕਸ਼ਾ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ ਬਣਦੀ ਫੀਸ ਭਰੀ ਗਈ ਹੈ। ਦੋਵਾਂ ਵੱਲੋਂ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਗਿਆ ਹੈ। ਇਸ ਸਬੰਧੀ ਕੌਂਸਲ ਦੇ ਤਤਕਾਲ ਕਾਰਜ ਸਾਧਕ ਅਫਸਰ ਵੱਲੋਂ 23 ਅਗਸਤ 2021 ਨੂੰ ਨੋਟਿਸ ਵੀ ਜਾਰੀ ਕਰ ਜਵਾਬ ਮੰਗਿਆ ਸੀ। ਨੋਟਿਸ ਜਾਰੀ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਨਕਸ਼ਾ ਪਾਸ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ ਗਿਆ। ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਤੋਂ ਮਾਮਲੇ ਦੀ ਜਾਂਚ ਕਰ ਉੱਕਤ ਕੌਂਸਲਰ ਦੀ ਮੈਂਬਰਸ਼ਿੱਪ ਰੱਦ ਕਰਨ ਦੀ ਮੰਗ ਕੀਤੀ ਹੈ।
ਸੰਸਥਾਂ ਦੇ ਜਨਰਲ ਸਕੱਤਰ ਮਦਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਛੇਤੀ ਭ੍ਰਿਸ਼ਟਾਚਾਰ ਦੇ ਖੁਲਾਸੇ ਕੀਤੇ ਜਾਣਗੇ ਜਿਸ ਤਹਿਤ ਛੇਤੀ ਜ਼ੀਰਕਪੁਰ ਕੌਂਸਲ ਵਿੱਚ ਹੋਈ ਬੇਨਿਯਮੀਆਂ ਬਾਰੇ ਵੱਡੇ ਖੁਲਾਸੇ ਸਬੂਤਾਂ ਸਮੇਤ ਕੀਤੇ ਜਾਣਗੇ।
ਕੌਂਸਲਰ ਦੇ ਪਤੀ ਨੇ ਦੋਸ਼ ਨਕਾਰੇ
ਕੌਂਸਲਰ ਦੇ ਪਤੀ ਨਰੇਸ਼ ਉਪਨੇਜਾ ਨੇ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਹ ਦੋਸ਼ ਲਾਏ ਜਾ ਰਹੇ ਹਨ। ਇਹ ਇਮਾਰਤ ਦਾ ਪਹਿਲਾਂ ਹੀ ਨਕਸ਼ਾ ਪਾਸ ਕਰਵਾਇਆ ਹੋਇਆ ਹੈ। ਲੰਘੇ ਦਿਨੀਂ ਇਮਾਰਤ ਨੂੰ ਕਿਰਾਏ ’ਤੇ ਦੇਣ ਲਈ ਇਸ ਵਿੱਚ ਕੁਝ ਮੁਰੰਮਤ ਕਰਵਾਈ ਗਈ ਸੀ ਜਿਸ ਦੌਰਾਨ ਕੌਂਸਲਰ ਨੇ ਉਸ ਤੋਂ ਨੋਟਿਸ ਕੱਢ ਕੇ ਨਕਸ਼ੇ ਨਾਲ ਛੇੜਛਾੜ ਨਾ ਕਰਨ ਲਈ ਕਿਹਾ ਸੀ ਜਿਸਦਾ ਜਵਾਬ ਦੇ ਦਿੱਤਾ ਸੀ।