ਕੁਲਦੀਪ ਸਿੰਘ
ਚੰਡੀਗੜ੍ਹ, 24 ਜੁਲਾਈ
ਸੋਹਣੇ ਸ਼ਹਿਰ ਚੰਡੀਗੜ੍ਹ ਦੇ ਵਸਨੀਕਾਂ ਲਈ ਕਰੋਨਾ ਟੈਸਟਿੰਗ ਪ੍ਰਣਾਲੀ ਨੂੰ ਸਰਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸਰਕਾਰੀ ਖਰਚੇ ’ਤੇ ਸ਼ਹਿਰ ਵਾਸੀਆਂ ਦੀ ਸੈਲਫ਼ ਕੋਵਿਡ ਟੈਸਟ ਕਰਵਾਉਣ ਦੀ ਯੋਜਨਾ ਹੈ। ਇਸ ਕੰਮ ਦੇ ਲਈ ਬਕਾਇਦਾ ਹੈਲਪਲਾਈਨ ਸ਼ੁਰੂ ਕਰਨ ਦੀ ਯੋਜਨਾ ਹੈ। ਅੱਜ ਇੱਥੇ ਕੋਵਿਡ-19 ਸਬੰਧੀ ਵਾਰ ਰੂਮ ਦੀ ਮੀਟਿੰਗ ਵਿੱਚ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਯੂਟੀ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ ਨੂੰ ਨਿਰਦੇਸ਼ ਜਾਰੀ ਕੀਤੇ ਕਿ ਇਸ ਬਾਰੇ ਪੂਰੀ ਤਰ੍ਹਾਂ ਪੜਚੋਲ ਕੀਤੀ ਜਾਵੇ। ਮੀਟਿੰਗ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਪ੍ਰਮੁੱਖ ਸਕੱਤਰ ਅਰੁਣ ਗੁਪਤਾ, ਡੀਜੀਪੀ ਸੰਜੇ ਬੈਨੀਵਾਲ ਵੀ ਹਾਜ਼ਰ ਸਨ।
ਸ੍ਰੀ ਬਦਨੌਰ ਵੱਲੋਂ ਜਾਰੀ ਇਨ੍ਹਾਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਸ ਹੈਲਪਲਾਈਨ ਨੂੰ ਇਸ ਢੰਗ ਨਾਲ ਲਾਗੂ ਕੀਤਾ ਜਾਵੇ ਕਿ ਜੇਕਰ ਸ਼ਹਿਰ ਦੇ ਵਸਨੀਕ ਕਿਸੇ ਵੀ ਵਿਅਕਤੀ ਨੂੰ ਕਰੋਨਾਵਾਇਰਸ ਨਾਲ ਮਿਲਦੇ-ਜੁਲਦੇ ਲੱਛਣਾਂ ਦੀ ਸ਼ੰਕਾ ਹੁੰਦੀ ਹੈ ਤਾਂ ਉਹ ਪੀਜੀਆਈ, ਸਰਕਾਰੀ ਮੈਡੀਕਲ ਹਸਪਤਾਲ ਸੈਕਟਰ 16 ਤੇ 32 ਵਿਚ ਜਾ ਕੇ ਸਰਕਾਰੀ ਖਰਚ ’ਤੇ ਸਵੈ-ਕੋਵਿਡ ਟੈਸਟ ਕਰਵਾ ਸਕਣਗੇ। ਉਨ੍ਹਾਂ ਬਾਪੂਧਾਮ ਕਲੋਨੀ ਅਤੇ ਰਾਏਪੁਰ ਕਲਾਂ ਖੇਤਰਾਂ ਵਿੱਚ ਕਰੋਨਾ ਦੇ ਆ ਰਹੇ ਨਵੇਂ ਕੇਸਾਂ ਦੀ ਇਕ ਹੋਰ ਸਕਰੀਨਿੰਗ ਕਰਵਾਉਣ ਬਾਰੇ ਵੀ ਕਿਹਾ। ਉਨ੍ਹਾਂ ਹਸਪਤਾਲਾਂ ਦੀਆਂ ਓਪੀਡੀਜ਼ ਵਿੱਚ ਇਲਾਜ ਲਈ ਆ ਰਹੇ ਮਰੀਜ਼ਾਂ ਦੀ ਸਖ਼ਤੀ ਨਾਲ ਕਰੋਨਾ ਟੈਸਟਿੰਗ ਕੀਤੇ ਜਾਣ ਦੀ ਜ਼ਰੂਰਤ ਬਾਰੇ ਸੁਝਾਅ ਦਿੱਤਾ ਅਤੇ ਹਦਾਇਤ ਕੀਤੀ ਕਿ ਲੋਕਾਂ ਨੂੰ ਸਵੱਛਤਾ ਦੀ ਪਾਲਣਾ ਕਰਨ ਅਤੇ ਹਰ ਸਮੇਂ ਮਾਸਕ ਪਹਿਨਣ ਦੇ ਪਾਬੰਦ ਬਣਾਇਆ ਜਾਵੇ।
ਪ੍ਰਸ਼ਾਸਕ ਨੇ ਨਿਗਮ ਕਮਿਸ਼ਨਰ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਕਿ ਸੁਖਨਾ ਝੀਲ, ਮਾਰਕੀਟਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਹੋ ਰਹੇ ਇਕੱਠਾਂ ’ਤੇ ਰੋਕ ਲਗਾਉਣ ਬਾਰੇ ਢੰਗ ਤਰੀਕੇ ਲੱਭੇ ਜਾਣ।
ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਪੀਜੀਆਈ ਦੇ ਡਾਇਰੈਕਟਰ, ਜੀ.ਐਮ.ਸੀ.ਐਚ. ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਬੀ.ਐਸ. ਚਵਾਨ, ਵਿੱਤ ਸਕੱਤਰ ਏ.ਕੇ. ਸਿਨਹਾ, ਨਗਰ ਨਿਗਮ ਕਮਿਸ਼ਨਰ ਕੇ.ਕੇ. ਯਾਦਵ, ਡੀ.ਸੀ. ਚੰਡੀਗੜ੍ਹ ਮਨਦੀਪ ਸਿੰਘ ਬਰਾੜ, ਡੀਸੀ ਮੁਹਾਲੀ ਗਿਰੀਸ਼ ਦਿਆਲਨ ਤੇ ਪੰਚਕੂਲਾ ਦਾ ਡਿਪਟੀ ਕਮਿਸ਼ਨਰ ਹਾਜ਼ਰ ਸਨ।
ਕੋਵਿਡ ਨਿਯਮਾਂ ਦੀ ਊਲੰਘਣਾ ਖ਼ਿਲਾਫ਼ ਨਿੱਤਰੀ ਚੰਡੀਗੜ੍ਹ ਕਾਂਗਰਸ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਇਥੋਂ ਦੀ ਮੇਅਰ ਰਾਜ ਬਾਲਾ ਮਾਲਿਕ, ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਅਤੇ ਚੰਡੀਗੜ੍ਹ ਭਾਜਪਾ ਦੀ ਮਹਿਲਾ ਮੋਰਚੇ ਦੀ ਪ੍ਰਧਾਨ ਸੁਨੀਤਾ ਧਵਨ ਊੱਤੇ ਕੋਵਿਡ ਨਿਯਮਾਂ ਦੀ ਊਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਊਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਕ ਤੋਂ ਮੰਗ ਕੀਤੀ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸ਼ੀਮਤੀ ਦੂਬੇ ਨੇ ਆਪਣੇ ਫੇਸਬੁਕ ਅਤੇ ਟਵਿੱਟਰ ਅਕਾਊਂਟ ਜ਼ਰੀਏ ਚੰਡੀਗੜ੍ਹ ਪ੍ਰਸ਼ਾਸਕ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਿੱਚ ਕੋਵਿਡ ਲਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਾਸੀਆਂ ਦੇ ਊਪਰੋਕਤ ਨੁਮਾਂਇੰਦੇ ਅਕਸਰ ਮਾਸਕ ਨੂੰ ਮੂੰਹ ’ਤੇ ਲਗਾਊਣ ਦੀ ਬਜਾਏ ਗਲੇ ਵਿੱਚ ਲਮਕਾ ਕੇ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਿੱਚ ਇੱਕ ਨਾਮਜ਼ਦ ਕੌਂਸਲਰ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਦੇ ਬਾਵਜੂਦ ਮੇਅਰ ਸਮੇਤ ਕਈ ਕੌਂਸਲਰ ਲੋਕਾਂ ਨੂੰ ਬਿਨਾਂ ਮਾਸਕ ਪਹਿਨੇ ਮਿਲਦੇ ਦੇਖੇ ਗਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਕਰੋਨਾ ਖ਼ਿਲਾਫ਼ ਪੱਬਾਂ ਭਾਰ ਹੈ ਪਰ ਲੰਘੇ ਦਿਨ ਨਿਗਮ ਦੇ ਤੀਆਂ ਸਮਾਗਮ ਵਿੱਚ ਮੇਅਰ ਰਾਜ ਬਾਲਾ ਮਲਿਕ ਤੇ ਹੋਰਨਾਂ ਔਰਤਾਂ ਨੇ ਮਾਸਕ ਮੂੰਹ ’ਤੇ ਲਗਾਉਣ ਦੀ ਥਾਂ ਹੱਥਾਂ ਵਿੱਚ ਫੜੇ ਹੋਏ ਸਨ।