ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 18 ਜੂਨ
ਢਕੋਲੀ ਖੇਤਰ ਵਿੱਚ ਇਕ ਨਾਈਜੀਰੀਅਨ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਤਿੰਨ ਤੋਂ ਚਾਰ ਦਿਨ ਪੁਰਾਣੀ ਜਾਪ ਰਹੀ ਹੈ ਜਿਸ ਵਿੱਚੋਂ ਬਦਬੂ ਆ ਰਹੀ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਖ਼ਾਨੇ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਨੇ ਕਿਹਾ ਕਿ ਮ੍ਰਿਤਕ ਡੇਵ ਓਟੋਖਾਈਨ ਮੂਲ ਰੂਪ ਵਿਚ ਚਾਰਲਸ ਸਟਰੀਟ ਨਾਇਜੀਰੀਆ ਦਾ ਵਾਸੀ ਹੈ ਅਤੇ ਇਸ ਵਕਤ ਡੀਐੱਸ ਐਸਟੇਟ ਦੇ ਫਲੈਟ ਵਿੱਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਫਲੈਟ ਵਿੱਚੋਂ ਬਦਬੂ ਆਉਣ ਮਗਰੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਵੱਲੋਂ ਫਲੈਟ ਖੋਲ੍ਹ ਕੇ ਦੇਖਿਆ ਤਾਂ ਅੰਦਰ ਉਸ ਦੀ ਲਾਸ਼ ਪਈ ਸੀ। ਪੁਲੀਸ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਸਾਹਮਣੇ ਆਉਣਗੇ। ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ।