ਮੁਕੇਸ਼ ਕੁਮਾਰ
ਚੰਡੀਗੜ੍ਹ, 26 ਅਗਸਤ
ਪਿੰਡ ਦੜੂਆ ਦੀ ਵਿਕਾਸ ਕਮੇਟੀ ਦਾ ਵਫ਼ਦ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਹੈਪੀ ਦੀ ਅਗਵਾਈ ਹੇਠ ਇਥੋਂ ਦੀ ਮੇਅਰ ਰਾਜ ਬਾਲਾ ਮਲਿਕ ਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੂੰ ਮਿਲਿਆ। ਸ੍ਰੀ ਹੈਪੀ ਨੇ ਮੇਅਰ ਤੇ ਨਿਗਮ ਕਮਿਸ਼ਨਰ ਨੂੰ ਦੱਸਿਆ ਉਨ੍ਹਾਂ ਦੇ ਪਿੰਡ ਵਿੱਚ ਲਾਲ ਡੋਰੇ ਤੋਂ ਬਾਹਰ ਬਣੇ ਮਕਾਨਾਂ ਵਿੱਚ ਪਾਣੀ ਦੇ ਬਿੱਲ ਬਹੁਤ ਜ਼ਿਆਦਾ ਆ ਰਹੇ ਹਨ ਤੇ ਇਸ ਦੇ ਨਾਲ ਹੀ ਪਾਣੀ ਦੇ ਬਿੱਲਾਂ ਵਿੱਚ 30 ਫ਼ੀਸਦ ਸੀਵਰੇਜ ਚਾਰਜ ਵੀ ਜੋੜ ਕੇ ਭੇਜਿਆ ਜਾ ਰਿਹਾ ਹੈ। ਇਹ ਸਿੱਧੇ ਤੌਰ ’ਤੇ ਗਰੀਬ ਲੋਕਾਂ ਉੱਤੇ ਬਹੁਤ ਵੱਡੀ ਮਾਰ ਹੈ। ਵਫ਼ਦ ਨੇ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਲਾਲ ਡੋਰੇ ਤੋਂ ਬਾਹਰ ਬਣੇ ਘਰਾਂ ਦੇ ਪਾਣੀ ਦੇ ਬਿੱਲ ਵੀ ਪਿੰਡ ਦੇ ਘਰਾਂ ਵਾਂਗ ਹੀ ਚਾਰਜ ਕੀਤੇ ਜਾਣ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਤੱਕ ਪ੍ਰਸ਼ਾਸਨ ਜਾਂ ਨਗਰ ਨਿਗਮ ਵੱਲੋਂ ਲਾਲ ਡੋਰੇ ਤੋਂ ਬਾਹਰ ਬਣੇ ਮਕਾਨਾਂ ਦੇ ਵਾਸੀਆਂ ਨੂੰ ਕਿਸੀ ਵੀ ਤਰ੍ਹਾਂ ਦੀ ਕੋਈ ਸਹੂਲਤ ਉਪਲਬਧ ਨਹੀਂ ਕਰਵਾਈ ਗਈ। ਸ੍ਰੀ ਹੈਪੀ ਤੇ ਉਨ੍ਹਾਂ ਨਾਲ ਵਫ਼ਦ ਵਿੱਚ ਸ਼ਾਮਲ ਪਿੰਡ ਵਿਕਾਸ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਾਸੀ ਨਗਰ ਨਿਗਮ ਵੱਲੋਂ ਸਾਰੇ ਪਿੰਡ ਵਾਸੀਆਂ ਉੱਤੇ ਕੂੜਾ ਇਕੱਤਰ ਕਰਨ ਲਈ ਫੀਸ ਵਸੂਲਣ ਦੇ ਫੈ਼ਸਲੇ ਨੂੰ ਲੈਕੇ ਚਿੰਤਾ ਵਿੱਚ ਹਨ। ਸ੍ਰੀ ਹੈਪੀ ਨੇ ਕਿਹਾ ਕਿ ਜਿਥੇ ਪੂਰੇ ਸੰਸਾਰ ਦੀ ਅਰਥ ਵਿਵਸਥਾ ਕਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਹੈ ਉਥੇ ਪਿੰਡ ਦੜਵਾ ਵੀ ਇਸ ਤੋਂ ਅਛੂਤਾ ਨਹੀਂ ਹੈ। ਉਨ੍ਹਾਂ ਮੇਅਰ ਤੇ ਕਮਿਸ਼ਨਰ ਨੂੰ ਦੱਸਿਆ ਕਿ ਪਿੰਡ ਦੜੂਆ ਵਾਸੀਆਂ ਵਿੱਚ ਲੋਕਾਂ ਦੇ ਕੰਮ-ਕਾਜ ਠੱਪ ਪਏ ਹਨ। ਨੌਕਰੀਆਂ ਛੁੱਟ ਗਈਆਂ ਹਨ ਤੇ ਜੋ ਨੌਕਰੀਆਂ ਕਰ ਰਹੇ ਹਨ ਉਹ ਅੱਧੀ ਤਨਖਾਹ ’ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹਨ। ਪਿੰਡ ਦੇ ਵਫ਼ਦ ਨੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਹਾਲਾਤਾਂ ਵਿੱਚ ਪਿੰਡ ਵਾਸੀਆਂ ਦੇ ਵਾਧੂ ਆਰਥਿਕ ਬੋਝ ਪਾਉਣਾਂ ਠੀਕ ਫੈ਼ਸਲਾ ਨਹੀਂ ਹੈ। ਪਿੰਡ ਵਿਕਾਸ ਕਮੇਟੀ ਦੇ ਵਫ਼ਦ ਨੇ ਇੱਕ ਮੈਮੋਰੈਂਡਮ ਵੀ ਦਿੱਤਾ ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਕੱਢਣ ਦੀ ਅਪੀਲ ਕੀਤੀ। ਇਸ ਵਫ਼ਦ ਵਿੱਚ ਚਮਨ ਲਾਲ, ਗੋਪਾਲ ਬੇਂਜਵਾਲ, ਪੂਨਮ ਵਰਮਾ ਅਤੇ ਹੋਰ ਸ਼ਾਮਲ ਸਨ।