ਪੱਤਰ ਪ੍ਰੇਰਕ
ਬਨੂੜ, 12 ਮਾਰਚ
ਇੱਥੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਬਾਸਮਾਂ ਦੀ ਫਰੁਡਨਬਰਗ ਨੋਕ ਕੰਪਨੀ ਵਿੱਚੋਂ ਹਟਾਏ ਗਏ 804 ਕਰਮਚਾਰੀਆਂ ਵੱਲੋਂ ਲਗਾਏ ਦਿਨ-ਰਾਤ ਦੇ ਧਰਨੇ ਵਿੱਚ ਅੱਜ ਰੁਜ਼ਗਾਰ ਬਚਾਓ ਮੋਰਚੇ ਦੇ ਸੱਦੇ ਉੱਤੇ ਪਿੰਡਾਂ ਦੇ ਪੰਚਾਂ-ਸਰਪੰਚਾਂ, ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਕਾਰਕੁਨਾਂ ਦੀ ਭਰਵੀਂ ਇਕੱਤਰਤਾ ਹੋਈ। ਇਕੱਠ ਨੇ ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਕੋਲੋਂ ਹਟਾਏ ਗਏ ਕਿਰਤੀਆਂ ਨੂੰ ਫੌਰੀ ਨੌਕਰੀ ’ਤੇ ਬਹਾਲ ਕਰਨ ਅਤੇ ਯੂਨੀਅਨ ਨੂੰ ਰਜਿਸਟਰਡ ਕਰਨ ਦੀ ਮੰਗ ਕੀਤੀ।
ਏਟਕ ਦੇ ਸੂਬਾਈ ਮੀਤ ਪ੍ਰਧਾਨ ਵਿਨੋਦ ਚੌਹਾਨ, ਮੁਠਿਆੜਾਂ ਦੇ ਸਰਪੰਚ ਰਾਜਿੰਦਰ ਸਿੰਘ, ਸੂਰਜਗੜ੍ਹ ਦੇ ਸਰਪੰਚ ਸਤਪਾਲ ਸਿੰਘ, ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਪ੍ਰਬੰਧਕ ਬਰਜਿੰਦਰ ਸਿੰਘ ਪਰਵਾਨਾ, ਕਿਸਾਨ ਸਭਾ ਦੇ ਆਗੂ ਧਰਮਪਾਲ ਸਿੰਘ ਸੀਲ, ਅਤਿੰਦਰਪਾਲ ਸਿੰਘ ਹਸਨਪੁਰ, ਸੋਨੀ ਸ਼ਰਮਾ ਹਸਨਪੁਰ, ਕਾਮਰੇਡ ਤਰਲੋਚਨ ਸਿੰਘ ਸੀਟੂ, ਵਿਨੋਦ ਕੁਮਾਰ, ਮਹਿੰਗਾ ਰਾਮ, ਸੁਰਿੰਦਰ ਕੁਮਾਰ, ਤਰਸੇਮ ਸਿੰਘ ਸਰਪੰਚ ਪਿੰਡ ਬਾਸਮਾਂ, ਵਿੱਕੀ ਘਨੌਰ, ਯੂਨੀਅਨ ਦੇ ਜਨਰਲ ਸਕੱਤਰ ਪ੍ਰਿੰਸ ਸ਼ਰਮਾ, ਪ੍ਰਧਾਨ ਕਮਲਦੀਪ ਸੈਣੀ ਨੇ ਕਿਹਾ ਕਿ ਕਰਮਚਾਰੀ ਪਿਛਲੇ 75 ਦਿਨਾਂ ਤੋਂ ਮੁਹਾਲੀ ਵਿੱਚ ਧਰਨਾ ਲਗਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਫੈਕਟਰੀ ਮਾਲਕਾਂ ਦੇ ਹਿੱਤਾਂ ਦੀ ਪੂਰਤੀ ਲਈ ਕਿਰਤੀਆਂ ਨਾਲ ਧੱਕਾ ਕਰ ਰਿਹਾ ਹੈ।