ਪੱਤਰ ਪ੍ਰੇਰਕ
ਕੁਰਾਲੀ, 10 ਜੁਲਾਈ
ਇੱਥੋਂ ਦੀ ਸਿੰਘਪੁਰਾ ਰੋਡ ਦੀ ਖਸਤਾ ਹਾਲਤ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਇਹ ਸੜਕ ਸ਼ਹਿਰ ਦੇ ਕਈ ਵਾਰਡਾਂ ਨੂੰ ਮੋਰਿੰਡਾ ਰੋਡ ਅਤੇ ਬਾਈਪਾਸ ਨਾਲ ਜੋੜਦੀ ਹੈ। ਕਰੀਬ ਦੋ ਸਾਲ ਪਹਿਲਾਂ ਬਣੀ ਇਸ ਸੜਕ ਦਾ ਸ਼ਹਿਰ ਦੀ ਹੱਦ ਵਿੱਚ ਪੈਂਦਾ ਹਿੱਸਾ ਟੋਇਆਂ ਕਾਰਨ ਛੱਪੜ ਦਾ ਭੁਲੇਖਾ ਪਾ ਰਿਹਾ ਹੈ। ਸਿੰਘਪੁਰਾ ਰੋਡ ਦੇ ਦੁਕਾਨਦਾਰਾਂ ਮਹਿੰਦਰ ਕੁਮਾਰ, ਮਨੋਜ ਕੁਮਾਰ, ਸੁਰਿੰਦਰ ਸਿੰਘ ਤੇ ਜਗਜੀਤ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਇਹ ਸੜਕ ਕਰੀਬ ਦੋ ਸਾਲ ਪਹਿਲਾਂ ਬਣਾਈ ਗਈ ਸੀ। ਪਰ ਸੜਕ ਬਣਨ ਤੋਂ ਛੇ ਮਹੀਨੇ ਬਾਅਦ ਹੀ ਇਸ ਦੀ ਹਾਲਤ ਕਈ ਥਾਵਾਂ ਤੋਂ ਖਸਤਾ ਹੋ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਅਤੇ ਕੌਂਸਲ ਵੱਲੋਂ ਸੜਕ ਦੀ ਹਾਲਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਉਨ੍ਹਾਂ ਸੜਕ ਦੀ ਮੁਰੰਮਤ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰੀਸ਼ ਰਾਣਾ ਨੇ ਕਿਹਾ ਕਿ ਸੜਕ ਦੀ ਖਸਤਾ ਹਾਲਤ ਦਾ ਇਹ ਮਸਲਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।