ਨਿਜੀ ਪੱਤਰ ਪ੍ਰੇਰਕ
ਡੇਰਾਬੱਸੀ, 22 ਜੁਲਾਈ
ਇਥੋਂ ਦੇ ਦਾਦਪੁਰਾ ਮੁਹੱਲੇ ਵਿੱਚ ਇਕ ਹਲਕੇ ਹੋਏ ਕੁੱਤੇ ਵੱਲੋਂ ਦਰਜਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਮਗਰੋਂ ਵੀ ਨਗਰ ਕੌਂਸਲ ਕੁੰਭਕਰਨੀ ਨੀਂਦ ਤੋਂ ਨਹੀਂ ਜਾਗੀ। ਕੌਂਸਲ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਚੱਲਦਿਆਂ ਹਲਕੇ ਕੁੱਤੇ ਵੱਲੋਂ ਅੱਜ ਮੁੜ ਤੋਂ ਉਸੇ ਮੁਹੱਲੇ ਦੇ ਤਿੰਨ ਜਣਿਆਂ ਨੂੰ ਸ਼ਿਕਾਰ ਬਣਾਇਆ ਹੈ। ਕੁੱਤੇ ਵੱਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਸਥਾਨਕ ਲੋਕਾਂ ਵਿੱਚ ਕੌਂਸਲ ਦੇ ਅਧਿਕਾਰੀਆਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਥੇ ਉਨ੍ਹਾਂ ਵਿੱਚ ਘਰਾਂ ਤੋਂ ਨਿਕਲਣ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਥੋਂ ਦੇ ਦਾਦਪੁਰਾ ਮੁਹੱਲੇ ਵਿੱਚ ਇਕ ਕੁੱਤਾ ਹਲਕ ਗਿਆ ਹੈ ਜੋ ਉੱਕਤ ਮੁਹੱਲੇ ਤੇ ਰਾਹਗੀਰਾਂ ਨੂੰ ਆਪਣਾ ਵੱਢ ਰਿਹਾ ਹੈ। ਲੰਘੇ ਦਿਨੀਂ ਉਸ ਵੱਲੋਂ ਤਿੰਨ ਬਣਿਆਂ ਸਣੇ ਦਰਜਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਲੋਕਾਂ ਵੱਲੋਂ ਇਸ ਸਬੰਧੀ ਕਈਂ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਇਸਦੇ ਬਾਵਜੂਦ ਕੌਂਸਲ ਅਧਿਕਾਰੀਆਂ ਨੂੰ ਕੁੱਤੇ ਨੂੰ ਕਾਬੂ ਨਹੀਂ ਕੀਤਾ। ਸਿੱਟੇ ਵਜੋਂ ਕੁੱਤਾ ਖੁੱਲ੍ਹੇਆਮ ਘੁੰਮਦਾ ਰਿਹਾ ਤੇ ਉਸ ਵੱਲੋਂ ਲੰਘੇ ਦੋ ਦਿਨਾਂ ਵਿੱਚ ਮੁੜ ਤੋਂ ਤਿੰਨ ਜਣਿਆਂ ਨੂੰ ਵੱਢ ਲਿਆ। ਇਨ੍ਹਾਂ ਵਿੱਚ ਗੁਫ਼ਾਰ, ਨੀਨਾ ਤੇ ਇਕ ਹੋਰ ਵਿਅਕਤੀ ਸ਼ਾਮਲ ਹੈ ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਕੁੱਤੇ ਦੇ ਡਰ ਤੋਂ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ ਜਦੋਂਕਿ ਕੁੱਤਾ ਖੁੱਲ੍ਹੇਆਮ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈਂ ਵਾਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਲਿਖਤੀ ਮੰਗ ਕੀਤੀ ਹੈ ਪਰ ਉਹ ਇਸ ਨੂੰ ਗੰਭੀਰਤਾਂ ਨਾਲ ਨਹੀਂ ਲੈ ਰਹੇ ਹਨ।
ਗੱਲ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਛੇਤੀ ਕੁੱਤੇ ਨੂੰ ਕਾਬੂ ਕਰ ਲਿਆ ਜਾਵੇਗਾ।