ਮੁਕੇਸ਼ ਕੁਮਾਰ
ਚੰਡੀਗੜ੍ਹ, 23 ਸਤੰਬਰ
ਚੰਡੀਗੜ੍ਹ ਸ਼ਹਿਰ ਵਿੱਚ ਡੋਰ ਟੂ ਡੋਰ ਕੂੜਾ ਇਕੱਤਰ ਕਰਨ ਵਾਲੀ ਨਿਗਮ ਦੀ ਗੱਡੀ ਦੇ ਚਾਲਕ ਦੀ ਆਪਣੀ ਹੀ ਗੱਡੀ ਦੇ ਕੁੂੜੇ ਨਾਲ ਭਰੇ ਡਾਲੇ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਹ ਦਰਦਨਾਕ ਘਟਨਾ ਇਥੋਂ ਦੇ ਸੈਕਟਰ 23 ਵਿਖੇ ਦੁਪਹਿਰ ਵੇਲੇ ਵਾਪਰੀ ਜਦੋਂ ਉਹ ਇਥੇ ਘਰਾਂ ’ਚੋਂ ਕੂੜਾ ਇਕੱਤਰ ਕਰ ਰਹੇ ਸਨ। ਮ੍ਰਿਤਕ ਦੀ ਪਛਾਣ 27 ਸਾਲਾ ਨਵਜੋਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦਾ ਅਗਲੇ ਮਹੀਨੇ 2 ਅਕਤੂਬਰ ਨੂੰ ਵਿਆਹ ਤੈਅ ਹੋਇਆ ਸੀ। ਕੂੜਾ ਚੁੱਕਣ ਵਾਲੀ ਗੱਡੀ ਦੇ ਡਾਲੇ ਹੇਠਾਂ ਗੱਡੀ ਦੇ ਚਾਲਕ ਦੇ ਦੱਬਣ ਦੀ ਖ਼ਬਰ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲੀਸ ਨੇ ਨਵਜੋਤ ਨੂੰ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਨੂੰ ਲੈ ਕੇ ਸੈਕਟਰ-22 ਚੌਕੀ ਦੀ ਪੁਲੀਸ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਹੋਰ ਸ਼ੱਕੀ ਦੀ ਭੂਮਿਕਾ ਹੋਣ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਨਵਜੋਤ ਨਗਰ ਨਿਗਮ ਦੀ ਡੋਰ-ਟੂ-ਡੋਰ ਕੂੜਾ ਚੁੱਕਣ ਵਾਲੀ ਗੱਡੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਦੁਪਹਿਰ ਨੂੰ ਨਵਜੋਤ ਸੈਕਟਰ-23 ’ਚ ਕੂੜਾ ਚੁੱਕਣ ਵਾਲੀ ਗੱਡੀ ’ਤੇ ਤਾਇਨਾਤ ਸੀ। ਉਸ ਨੇ ਆਪਣੀ ਗੱਡੀ ਸਟਾਰਟ ਕੀਤੀ ਹੋਈ ਸੀ ਅਤੇ ਡਰਾਈਵਿੰਗ ਸੀਟ ਤੋਂ ਹੇਠਾਂ ਉਤਰ ਕੇ ਗੱਡੀ ਦੇ ਪਿਛਲੇ ਪਾਸੇ ਕੁੂੜੇ ਨਾਲ ਭਰਿਆ ਡਾਲਾ ਉਪਰ ਚੁੱਕ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਫਿਰ ਅਚਾਨਕ ਕੁੂੜੇ ਨਾਲ ਭਰਿਆ ਡਾਲਾ ਉਸ ‘ਤੇ ਡਿੱਗ ਗਿਆ। ਡਰਾਈਵਰ ਨਵਜੋਤ ਸਿੰਘ ਦੇ ਸਿਰ ਸਮੇਤ ਉਪਰਲਾ ਹਿੱਸਾ ਡਾਲੇ ਹੇਠਾਂ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਡਾਲੇ ਹੇਠ ਦੱਬਣ ਨਾਲ ਡਰਾਈਵਰ ਨਵਜੋਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਨਵਜੋਤ ਸਿੰਘ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ
ਬਨੂੜ (ਪੱਤਰ ਪ੍ਰੇਰਕ): ਪਿੰਡ ਮਨੌਲੀ ਸੂਰਤ ਨੇੜੇ ਬੀਤੀ ਰਾਤ ਟਰੱਕ ਦੀ ਫੇਟ ਵੱਜਣ ਨਾਲ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਲਾਲੜੂ ਵਿਖੇ ਕਿਸੇ ਵਰਕਸ਼ਾਪ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਘਰ ਪਰਤ ਰਿਹਾ ਸੀ। ਮ੍ਰਿਤਕ ਦੀ ਸ਼ਨਾਖਤ ਨਰੈਣ ਪੁੱਤਰ ਕ੍ਰਿਸ਼ਨ ਸਾਹਨੀ, ਵਾਸੀ ਨੌਬਾਦਾ, ਜ਼ਿਲ੍ਹਾ ਮੁਤਿਹਾਰੀ (ਬਿਹਾਰ) ਵਜੋਂ ਹੋਈ ਹੈ। ਬਨੂੜ ਪੁਲੀਸ ਨੇ ਵਰਕਸ਼ਾਪ ਦੇ ਮਾਲਕ ਦੁਸ਼ਿਅੰਤ ਕੁਮਾਰ ਦੇ ਬਿਆਨਾਂ ਉੱਤੇ ਟਰੱਕ ਦੇ ਅਣਪਛਾਤੇ ਚਾਲਕ ਉੱਤੇ ਮੁਕੱਦਮਾ ਦਰਜ ਕਰਕੇ ਮ੍ਰਿਤਕ ਦਾ ਡੇਰਾਬੱਸੀ ਦੇ ਹਸਪਤਾਲ ਵਿੱਚੋਂ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸ਼ਾਂ ਦੇ ਸਪੁਰਦ ਕਰ ਦਿੱਤੀ।