ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਫਰਵਰੀ
ਏਅਰਪੋਰਟ ਸੜਕ ’ਤੇ ਕਾਰ ਸਵਾਰ ਨੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਸਾਈਕਲ ਸਵਾਰ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਸਾਈਕਲ ਸਵਾਰ ਉੱਚਾ ਉੱਛਲ ਕੇ ਕਾਰ ਦੀ ਛੱਤ ’ਤੇ ਜਾ ਡਿੱਗਿਆ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਰਿਹਾ ਸੀ ਤੇ ਉਸ ਨੂੰ ਭਿਣਕ ਤੱਕ ਨਹੀਂ ਪਈ ਕਿ ਸਾਈਕਲ ਸਵਾਰ ਕਾਰ ਦੀ ਛੱਤ ’ਤੇ ਪਿਆ ਹੈ। ਕਾਰ ਚਾਲਕ ਲਾਸ਼ ਨੂੰ ਲੈ ਕੇ ਕਰੀਬ 10 ਘੰਟੇ ਘੁੰਮਦਾ ਰਿਹਾ ਤੇ ਆਖ਼ਰਕਾਰ ਉਸ ਨੇ ਲਾਸ਼ ਸੰਨ੍ਹੀ ਐਨਕਲੇਵ ਨੇੜੇ ਮੀਟ ਮਾਰਕੀਟ ਕੋਲ ਸੁੱਟ ਦਿੱਤੀ ਅਤੇ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਦੋਂ ਜਾਂਚ ਆਰੰਭੀ ਤਾਂ ਇਸ ਹਾਦਸੇ ਦਾ ਖੁਲਾਸਾ ਹੋਇਆ। ਦੱਸਿਆ ਗਿਆ ਹੈ ਕਿ ਇੱਥੋਂ ਦੇ ਫੇਜ਼-5 ਦਾ ਵਸਨੀਕ ਯੋਗੇਂਦਰ ਕੁਮਾਰ (27) ਆਪਣੇ ਸਾਈਕਲ ’ਤੇ ਜ਼ੀਰਕਪੁਰ ਵੱਲ ਜਾ ਰਿਹਾ ਸੀ ਜਦਕਿ ਕਾਰ ਚਾਲਕ ਨਿਰਮਲ ਸਿੰਘ ਨੇ ਉਸ ਨੂੰ ਟੱਕਰ ਮਾਰੀ। ਖਰੜ ਦੀ ਡੀਐੱਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।