ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਫਰਵਰੀ
ਸਰਕਾਰੀ ਸਕੂਲਾਂ ਵਿਚ ਖਾਮੀਆਂ ਤੇ ਵਿਭਾਗ ਦਾ ਹੁਕਮ ਨਾ ਮੰਨਣ ਵਾਲੇ ਕਈ ਸਕੂਲਾਂ ਖ਼ਿਲਾਫ਼ ਯੂਟੀ ਦਾ ਸਿੱਖਿਆ ਵਿਭਾਗ ਸਖ਼ਤ ਹੋਇਆ ਹੈ। ਯੂਟੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਅੱਜ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਸਕੂਲਾਂ ਦੀਆਂ ਆਪਹੁਦਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਖਾਮੀਆਂ ਦੀ ਜਾਂਚ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ ਡਾਇਰੈਕਟਰ ਨੂੰ ਸਮੇਂ ਸਮੇਂ ’ਤੇ ਸਕੂਲਾਂ ਦੀ ਰਿਪੋਰਟ ਸੌਂਪੇਗੀ। ਜਾਣਕਾਰੀ ਅਨੁਸਾਰ ਕਈ ਸਕੂਲਾਂ ਵਿਚ ਆਊਟਸੋਰਸ ਵਾਲਾ ਸਟਾਫ ਰੱਖਣ; ਅਧਿਆਪਕਾਂ ਦੀ ਸਕੂਲਾਂ ਵਿਚੋਂ ਗੈਰਹਾਜ਼ਰੀ, ਪਾਖਾਨਿਆਂ ਤੇ ਪੀਣ ਵਾਲੇ ਪਾਣੀ ਦੇ ਆਸ ਪਾਸ ਸਫਾਈ ਦੀ ਅਣਹੋਂਦ ਤੇ ਸਕੂਲਾਂ ਵਲੋਂ ਕਰਵਾਈ ਜਾਂਦੀ ਪੜ੍ਹਾਈ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ ਜਿਸ ਕਰਕੇ ਵਿਭਾਗ ਨੇ ਸਕੂਲਾਂ ਦੀ ਨਿਯਮਤ ਸਮੇਂ ’ਤੇ ਜਾਂਚ ਲਈ ਕਮੇਟੀ ਬਣਾਈ ਹੈ ਜਿਸ ਦੇ ਮੁਖੀ ਡਿਪਟੀ ਡਾਇਰੈਕਟਰ ਸਕੂਲ ਐਜੂਕੇਸ਼ਨ-1 ਜਦਕਿ ਮੈਂਬਰ ਜ਼ਿਲ੍ਹਾ ਸਿੱਖਿਆ ਅਫਸਰ, ਅਸਿਸਟੈਂਟ ਕੰਟਰੋਲਰ ਫਾਇਨਾਂਸ ਤੇ ਅਕਾਊਂਟਸ, ਸੈਕਸ਼ਨ ਆਫਿਸਰ ਸਕੂਲਜ਼, ਸੁਪਰਡੈਂਟ ਹੋਣਗੇ। ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਕੂਲਾਂ ਵਿਚ ਸਟਾਫ ਦੀ ਘਾਟ ਤੇ ਸਮੱਗਰ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦਾ ਵੀ ਨਿਪਟਾਰਾ ਕੀਤਾ ਜਾਵੇਗਾ।
ਆਊਟਸੋਰਸ ਮੁਲਾਜ਼ਮ ਰੱਖਣ ਬਾਰੇ ਵੀ ਮਿਲੀਆਂ ਸਨ ਸ਼ਿਕਾਇਤਾਂ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਕਈ ਸਕੂਲਾਂ ਵਿਚ ਆਊਟਸੋਰਸ ਮੁਲਾਜ਼ਮ ਰੱਖਣ ਲਈ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਯੂਟੀ ਸਿੱਖਿਆ ਵਿਭਾਗ ਨੇ ਪਿਛਲੇ ਸਾਲ 13 ਅਕਤੂਬਰ ਨੂੰ ਇਕ ਪੱਤਰ ਜਾਰੀ ਕੀਤਾ ਸੀ ਜਿਸ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਸਕੂਲ ਇਸ ਹੁਕਮ ਦਾ ਵੀ ਪਾਲਣ ਨਹੀਂ ਕਰ ਰਹੇ ਜਿਸ ਕਰ ਕੇ ਅੱਜ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਕਮੇਟੀ ਸਕੂਲਾਂ ਦੀਆਂ ਖਾਮੀਆਂ ਦੀ ਜਾਂਚ ਕਰੇਗੀ ਤੇ ਸਕੂਲਾਂ ਵਿਚ ਲੋੜੀਂਦੇ ਸਾਮਾਨ ਨੂੰ ਮੁਹੱਈਆ ਕਰਾਵਾਉਣ ਲਈ ਵੀ ਰਾਬਤਾ ਕਰੇਗੀ। ਇਹ ਕਮੇਟੀ ਨਿਯਮਤ ਸਮੇਂ ’ਤੇ ਜਾਂਚ ਕਰਕੇ 112 ਸਰਕਾਰੀ ਸਕੂਲਾਂ ਦਾ ਰਿਕਾਰਡ ਵੀ ਚੈਕ ਕਰੇਗੀ।