ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਨਵੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਸਖ਼ਤੀ ਕਰਨ ਤੋਂ ਬਾਅਦ ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਚਲਦੇ ‘ਡੰਮੀ ਸਕੂਲਾਂ’ ਦੀ ਜਾਂਚ ਕੀਤੀ ਜਾਵੇਗੀ। ਇਸ ਵੇਲੇ ਸ਼ਹਿਰ ਦੇ ਕਈ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਡੰਮੀ ਦਾਖ਼ਲਾ ਲਿਆ ਹੋਇਆ ਹੈ ਤੇ ਉਹ ਸਕੂਲਾਂ ਵਿੱਚ ਜਮਾਤਾਂ ਲਾਉਣ ਦੀ ਥਾਂ ਕੋਚਿੰਗ ਸੈਂਟਰਾਂ ਦਾ ਰੁਖ਼ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਇਸ ਵੇਲੇ ਸੈਕਟਰ-26, 28, 35 ਤੇ 37 ਦੇ ਸਕੂਲਾਂ ਵਿੱਚ ਡੰਮੀ ਸਕੂਲਾਂ ਦੀ ਗਿਣਤੀ ਜ਼ਿਆਦਾ ਹੈ। ਇਨ੍ਹਾਂ ਸਕੂਲ ਵਿੱਚ ਪੜ੍ਹਨ ਵਾਲਿਆਂ ਵੱਲੋਂ ਸਕੂਲ ਸਮੇਂ ਵਿੱਚ ਵੀ ਕੋਚਿੰਗ ਸੰਸਥਾਨਾਂ ਵਿਚ ਜਮਾਤਾਂ ਲਗਾਈਆਂ ਜਾ ਰਹੀਆਂ ਹਨ ਜਦੋਂਕਿ ਡੀਸੀ ਨੇ ਸਕੂਲ ਸਮੇਂ ਕੋਚਿੰਗ ਸੰਸਥਾਨਾਂ ਵਿੱਚ ਜਮਾਤਾਂ ਨਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਦੱਸਣਾ ਬਣਦਾ ਹੈ ਕਿ ਸੀਬੀਐੱਸਈ ਨੇ ਸੂਬਿਆਂ ਤੇ ਯੂਟੀਜ਼ ਦੇ ਸਕੂਲਾਂ ਨੂੰ ਡੰਮੀ ਸਕੂਲਾਂ ਖ਼ਿਲਾਫ਼ ਜਾਂਚ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਸੀਬੀਐੱਸਈ ਨੇ ਕਿਹਾ ਹੈ ਕਿ ਜੇ ਕਿਸੇ ਵਿਦਿਆਰਥੀ ਦੀ 75 ਫ਼ੀਸਦੀ ਹਾਜ਼ਰੀ ਨਹੀਂ ਹੋਵੇਗੀ ਤਾਂ ਉਸ ਨੂੰ ਬੋਰਡ ਜਮਾਤਾਂ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਕਰ ਕੇ ਹੀ ਬੋਰਡ ਨੇ ਡੰਮੀ ਸਕੂਲਾਂ ਖ਼ਿਲਾਫ਼ ਸਖ਼ਤੀ ਕੀਤੀ ਹੈ। ਸੀਬੀਐੱਸਈ ਨੇ ਹਾਲ ਹੀ ਵਿੱਚ ਦਿੱਲੀ ਤੇ ਰਾਜਸਥਾਨ ਦੇ ਸਕੂਲਾਂ ਦੀ ਜਾਂਚ ਕੀਤੀ ਸੀ ਤੇ ਡੰਮੀ ਦਾਖ਼ਲਾ ਦੇਣ ਵਾਲੇ ਕਈ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਸੀ।
ਸੀਬੀਐੱਸਈ ਨੇ ਸਕੂਲਾਂ ਨੂੰ ਸਰਕੁਲਰ ਜਾਰੀ ਕਰ ਕੇ ਕਿਹਾ ਹੈ ਕਿ ਹਰ ਵਿਦਿਆਰਥੀ ਦੀ ਸਕੂਲ ਵਿੱਚ 75 ਫ਼ੀਸਦੀ ਹਾਜ਼ਰੀ ਪੂਰੀ ਹੋਣੀ ਚਾਹੀਦੀ ਹੈ ਤੇ ਹਰ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੂੰ ਆਪਣੇ ਦਾਖ਼ਲ ਕੀਤੇ ਵਿਦਿਆਰਥੀਆਂ ਦਾ ਪੂਰਾ ਰਿਕਾਰਡ ਵੈੱਬਸਾਈਟ ਉੱਤੇ ਅਪਲੋਡ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦਾ ਹਾਜ਼ਰੀ ਰਜਿਸਟਰ ਰੋਜ਼ਾਨਾ ਅਪਡੇਟ ਰੱਖਣਾ ਚਾਹੀਦਾ ਹੈ ਜਦੋਂਕਿ ਗਿਣਤੀ ਦੇ ਹੀ ਸਕੂਲ ਇਨ੍ਹਾਂ ਨਿਯਮਾਂ ਦਾ ਪਾਲਣ ਕਰਦੇ ਹਨ।
ਕੀ ਹਨ ਡੰਮੀ ਸਕੂਲ
ਇਨ੍ਹਾਂ ਸਕੂਲਾਂ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਵਿਦਿਆਰਥੀ ਕਲਾਸਾਂ ਦੀ ਥਾਂ ਕੋਚਿੰਗ ਸੈਂਟਰ ਜਾਂਦੇ ਹਨ ਤੇ ਬਦਲੇ ਵਿੱਚ ਸਕੂਲ ਮੋਟੀਆਂ ਫੀਸਾਂ ਵਸੂਲਦੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਡੰਮੀ ਸਕੂਲ ਆਪਣੇ ਸਕੂਲ ਵਿੱਚ ਦਾਖਲ ਵਿਦਿਆਰਥੀਆਂ ਤੋਂ ਬਾਕੀ ਸਕੂਲਾਂ ਦੇ ਮੁਕਾਬਲੇ ਦੁੱਗਣੀ ਜਾਂ ਤਿੱਗਣੀ ਫੀਸ ਲੈਂਦੇ ਹਨ, ਜੇ ਕੋਈ ਵਿਦਿਆਰਥੀ ਇਨ੍ਹਾਂ ਦੇ ਸਕੂਲ ਵਿੱਚ ਨਹੀਂ ਆਉਂਦਾ ਤਾਂ ਇਹ ਸਕੂਲ ਵਿਦਿਆਰਥੀਆਂ ਦੀ ਫਰਜ਼ੀ ਹਾਜ਼ਰੀ ਲਾਉਂਦੇ ਹਨ। ਇਨ੍ਹਾਂ ਸਕੂਲਾਂ ਦੀ ਤਰਜੀਹ ਪੜ੍ਹਾਈ ਦੀ ਥਾਂ ਪੈਸਾ ਹੀ ਹੁੰਦੀ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਵਿਭਾਗ ਵੱਲੋਂ ਆਉਂਦੇ ਦਿਨਾਂ ਵਿਚ ਡੰਮੀ ਸਕੂਲਾਂ ਦੀ ਜਾਂਚ ਕੀਤੀ ਜਾਵੇਗੀ ਤੇ ਸੀਬੀਐੱਸਈ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇਗਾ।