ਪੱਤਰ ਪ੍ਰੇਰਕ
ਅਮਲੋਹ, 15 ਅਕਤੂਬਰ
ਬਲਾਕ ਅਮਲੋਹ ਦੇ ਪਿੰਡ ਸਲਾਣਾ ਦੁੱਲਾ ਸਿੰਘ ਦੇ ਬਜ਼ੁਰਗ ਜੋੜੇ ਬਲਵੀਰ ਸਿੰਘ ਅਤੇ ਗੁਰਨਾਮ ਕੌਰ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਪ੍ਰਵੀਨ ਕੌਰ ਵੱਲੋਂ ਉਨ੍ਹਾਂ ਨੂੰ ਕਥਿਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਸਵਰਨ ਸਿੰਘ ਦੀ 20 ਅਗਸਤ 2018 ਨੂੰ ਇੱਕ ਫੈਕਟਰੀ ਹਾਦਸੇ ’ਚ ਮੌਤ ਹੋ ਗਈ ਸੀ, ਜਿਸ ਵਿਚ ਉਸ ਦੀ ਪਤਨੀ ਪ੍ਰਵੀਨ ਕੌਰ ਨੂੰ ਮੁਆਵਜ਼ੇ ਵਜੋਂ 5 ਲੱਖ ਰੁਪਏ ਮਿਲੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਨੂੰਹ ਨੇ ਕਥਿਤ ਰੂਪ ਵਿਚ ਦੂਜਾ ਵਿਆਹ ਕਰ ਲਿਆ ਹੈ ਅਤੇ ਆਪਣਾ ਸਾਰਾ ਸਾਮਾਨ ਆਦਿ ਚੁੱਕ ਕੇ ਲੈ ਗਈ ਸੀ ਪਰ ਹੁਣ ਫਿਰ 8 ਅਕਤੂਬਰ ਨੂੰ ਪ੍ਰਵੀਨ ਕੌਰ ਥਾਣਾ ਅਮਲੋਹ ਦੇ ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਅਤੇ ਕੁੱਝ ਹੋਰ ਵਿਅਕਤੀਆਂ ਦੀ ਮਦਦ ਨਾਲ ਘਰ ਵਿਚ ਦਾਖ਼ਲ ਹੋ ਗਈ, ਜਿਸ ਨੇ ਉਨ੍ਹਾਂ ਦੀ ਕਥਿਤ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕਰਕੇ ਘਰੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਅਮਲੋਹ ਦੇ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਪਹਿਲਾਂ ਨੋਟਿਸ ’ਚ ਨਹੀਂ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।