ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 10 ਜੂਨ
ਸੋਹਾਣਾ ਥਾਣਾ ਅਧੀਨ ਆਉਂਦੇ ਪਿੰਡ ਤੰਗੋਰੀ ਦਾ ਵਸਨੀਕ ਗਰੀਬ ਸਿੰਘ ਤੇ ਉਸ ਦਾ ਪਰਿਵਾਰ ਪੁਲੀਸ ਦੀ ਕਥਿਤ ਧੱਕੇਸ਼ਾਹੀ ਤੋਂ ਡਾਢਾ ਪ੍ਰੇਸ਼ਾਨ ਹੈ। ਗਰੀਬ ਸਿੰਘ ਨੇ ਦੱਸਿਆ ਕਿ 23 ਜੂਨ 2019 ਨੂੰ ਉਸ ਦੇ ਪੁੱਤਰ ਜਗਤਾਰ ਸਿੰਘ ਨੂੰ ਦਰਜਨ ਤੋਂ ਵੱਧ ਵਿਅਕਤੀਆਂ ਦੇ ਰਸਤੇ ਵਿੱਚ ਘੇਰ ਕੇ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸੈਕਟਰ-32 ਦੇ ਹਸਪਤਾਲ ਲਈ ਰੈਫਰ ਕੀਤਾ ਗਿਆ, ਪਰ ਸਹੀ ਇਲਾਜ ਨਾ ਹੋਣ ਕਾਰਨ ਊਹ ਜਗਤਾਰ ਨੂੰ ਰਾਜਪੁਰਾ ਦੇ ਨਿੱਜੀ ਹਸਪਤਾਲ ਲੈ ਗਿਆ। ਹਸਪਤਾਲ ਦੇ ਰੁੱਕੇ ’ਤੇ ਛੇ ਦਿਨਾਂ ਮਗਰੋਂ ਸੋਹਾਣਾ ਪੁਲੀਸ ਦੇ ਕਰਮਚਾਰੀ ਬਿਆਨ ਲੈਣ ਪਹੁੰਚੇ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਊਸ ਦੋਸ਼ ਲਾਇਆ ਕਿ ਹਮਲਾਵਰ ਹੁਕਮਰਾਨ ਪਾਰਟੀ ਨਾਲ ਸਬੰਧਤ ਹੋਣ ਕਾਰਨ ਪੁਲੀਸ ਬਣਦੀ ਕਾਰਵਾਈ ਤੋਂ ਭੱਜ ਰਹੀ ਹੈ। ਇਕ ਹਮਲਾਵਰ ਦੇ ਨੌਕਰ ਦੀ ਸ਼ਿਕਾਇਤ ’ਤੇ ਜਗਤਾਰ ਤੇ ਹੋਰਨਾਂ ਖ਼ਿਲਾਫ਼ 23 ਜੂਨ ਨੂੰ ਕੁੱਟਮਾਰ ਕਰਨ ਤੇ ਐਸਸੀ ਐਕਟ ਤਹਿਤ ਝੂਠਾ ਕੇਸ ਦਰਜ ਕਰਵਾਇਆ ਗਿਆ, ਜਦਕਿ ਜਗਤਾਰ ਹਸਪਤਾਲ ਵਿੱਚ ਸੀ। ਮੁਹਾਲੀ ਅਦਾਲਤ ਨੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ। ਸੋਹਾਣਾ ਥਾਣਾ ਦੇ ਐੱਸਐੱਚਓ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਜੇ ਪੀੜਤ ਸ਼ਿਕਾਇਤ ਦੇਣਗੇ ਜਾਂ ਥਾਣੇ ਆ ਕੇ ਮਿਲਣਗੇ ਤਾਂ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ (ਸਿਟੀ-2) ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਪਰ ਉਹ ਥਾਣਾ ਮੁਖੀ ਤੋਂ ਰਿਪੋਰਟ ਤਲਬ ਕਰਨਗੇ।