ਪੱਤਰ ਪ੍ਰੇਰਕ
ਚੰਡੀਗੜ੍ਹ, 10 ਅਕਤੂਬਰ
ਐੱਮ.ਸੀ. ਹਾਰਟੀਕਲਚਰ ਐਂਪਲਾਈਜ਼ ਯੂਨੀਅਨ ਵੱਲੋਂ ਸੈਕਟਰ 10 ਸਥਿਤ ਲਈਅਰ ਵੈਲੀ ਵਿੱਚ ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਬੈਨਰ ਹੇਠ ਗੇਟ ਰੈਲੀ ਕੀਤੀ ਗਈ। ਰੈਲੀ ਵਿੱਚ ਯੂ.ਟੀ. ਪ੍ਰਸ਼ਾਸਨ ਦੇ ਵਤੀਰੇ ਨੂੰ ਮੁਲਾਜ਼ਮ ਵਿਰੋਧੀ ਗਰਦਾਨਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੋਆਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਚੇਅਰਮੈਨ ਅਨਿਲ ਕੁਮਾਰ ਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਹਾਲੇ ਤੱਕ ਨਾ ਤਾਂ ਵਰਕਰਾਂ ਨੂੰ ਤਨਖਾਹਾਂ ਮਿਲੀਆਂ ਹਨ ਅਤੇ ਨਾ ਹੀ ਵਧੇ ਹੋਏ ਡੀ.ਸੀ. ਰੇਟਾਂ ਦੇ ਬਕਾਏ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਆਊਟ ਸੋਰਸਡ ਵਰਕਰਾਂ ਦੀਆਂ ਤਨਖਾਹਾਂ ਅਤੇ ਡੀ.ਸੀ. ਰੇਟਾਂ ਦੇ ਬਕਾਇਆਂ ਦਾ ਭੁਗਤਾਨ ਦੀਵਾਲੀ ਤੋਂ ਪਹਿਲਾਂ ਕੀਤਾ ਜਾਵੇ ਅਤੇ ਵਰਕਰਾਂ ਦੀ ਗੈਰਕਾਨੂੰਨੀ ਢੰਗ ਛਾਂਟੀ ਬੰਦ ਕੀਤੀ ਜਾਵੇ। ਮੁਲਾਜ਼ਮ ਆਗੂਆਂ ਨੇ ਫੈਸਲਾ ਕੀਤਾ ਕਿ ਸਾਰੇ ਆਊਟ ਸੋਰਸਡ ਅਤੇ ਰੈਗੂਲਰ ਵਰਕਰ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਯੂ.ਟੀ. ਸਕੱਤਰੇਤ ਦੇ ਸਾਹਮਣੇ ਹੋ ਰਹੇ ਯੂ.ਟੀ. ਮੁਲਾਜ਼ਮਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਸ਼ਾਮ ਲਾਲ, ਸ਼ਤਰੂਘਨ, ਬਲਵੀਰ ਸਿੰਘ, ਐੱਮ.ਸੀ. ਰੋਡ ਵਰਕਰਜ਼ ਯੂਨੀਅਨ ਦੇ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਯੂ.ਟੀ. ਚੰਡੀਗੜ੍ਹ ਅਤੇ ਐਮ.ਸੀ. ਐਂਪਲਾਈਜ਼ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵੀ ਅੱਜ ਸੈਕਟਰ 23 ਸਥਿਤ ਹਾਰਟੀਕਲਚਰ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਕਮੇਟੀ ਦੇ ਕਨਵੀਨਰ ਅਸ਼ਵਨੀ ਕੁਮਾਰ ਅਤੇ ਰਾਜਾ ਰਾਮ ਨੇ ਕਿਹਾ ਕਿ ਆਊਟਸੋਰਸਡ ਵਰਕਰਾਂ ਦੀ ਭਰਤੀ ਠੇਕੇਦਾਰ ਕੰਪਨੀ ਦੀ ਬਜਾਏ ਵਿਭਾਗ ਵੱਲੋਂ ਖ਼ੁਦ ਕੀਤੀ ਜਾਵੇ, ਵਰਕਰਾਂ ਦੀਆਂ ਰਹਿੰਦੀਆਂ ਸ਼੍ਰੇਣੀਆਂ ਦੇ ਡੀ.ਸੀ. ਰੇਟਾਂ ਵਿੱਚ ਵਾਧਾ ਕੀਤਾ ਜਾਵੇ, ਡੇਲੀਵੇਜ ਵਰਕਰਾਂ ਦੀਆਂ ਛੇਵੇਂ ਤਨਖਾਹ ਕਮਿਸ਼ਨ ਮੁਤਾਬਕ ਤਨਖਾਹਾਂ ਵਧਾਈਆਂ ਜਾਣ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 21 ਨਵੰਬਰ ਨੂੰ ਰੈਲੀ ਕੀਤੀ ਜਾਵੇਗੀ।