ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 25 ਮਈ
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੋਂਦ ਨੂੰ ਖ਼ਤਰਾ ਪੈਦਾ ਹੋਣ ਨਾਲ ਇੱਥੇ ਪੜ੍ਹਦੇ 500 ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀ ਗਿਆਨੀ ਗੁਰਬਖ਼ਸ਼ ਸਿੰਘ ਨੇ ਕਰੀਬ ਸਾਢੇ ਤਿੰਨ ਦਹਾਕੇ ਪਹਿਲਾਂ ਫਿਰਨੀ ’ਤੇ ਆਪਣੇ ਵਾੜੇ ਵਾਲੀ ਥਾਂ (ਇਕ ਕਨਾਲ ਇਕ ਮਰਲਾ) ਸਕੂਲ ਨੂੰ ਦਾਨ ਵਿੱਚ ਦਿੱਤੀ ਸੀ ਅਤੇ ਕਮਰਿਆਂ ਲਈ 70 ਹਜ਼ਾਰ ਰੁਪਏ ਵੀ ਦਿੱਤੇ ਸੀ। ਉਸ ਸਮੇਂ ਦੇ ਅਕਾਲੀ ਵਿਧਾਇਕ ਬਚਿੱਤਰ ਸਿੰਘ ਨੇ 14 ਅਕਤੂਬਰ 1987 ਨੂੰ ਸਕੂਲ ਦਾ ਨੀਂਹ ਪੱਥਰ ਰੱਖਿਆ ਸੀ, ਹਾਲਾਂਕਿ 2007-08 ਦੀ ਜਮ੍ਹਾਂਬੰਦੀ ਵਿੱਚ ਇਹ ਜ਼ਮੀਨ ਸਕੂਲ ਦੇ ਨਾਂ ਬੋਲਦੀ ਸੀ ਪਰ ਬਾਅਦ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਇਹ ਜ਼ਮੀਨ ਆਪਣੇ ਨਾਂ ਤਬਦੀਲ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਦਾ ਫਾਇਦਾ ਚੁੱਕਦਿਆਂ ਦਾਨੀ ਸੱਜਣ ਦੇ ਵਾਰਸਾਂ ਨੇ ਉਕਤ ਜ਼ਮੀਨ ਵਾਪਸ ਲੈਣ ਲਈ ਮੁਹਾਲੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਹੈ ਜਿਸ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਸਕੂਲ ਸਟਾਫ਼ ਨੂੰ ਪਾਰਟੀ ਬਣਾਇਆ ਗਿਆ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਵਾਸੀ ਗੁਰਬਖ਼ਸ਼ ਸਿੰਘ ਨੇ ਇਹ ਜ਼ਮੀਨ ਸਕੂਲ ਨੂੰ ਦਾਨ ਦਿੱਤੀ ਸੀ ਜਿਸ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਾਈ ਗਈ। ਸਕੂਲ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ 10 ਲੱਖ ਰੁਪਏ ਉਸ ਸਮੇਂ ਦੀ ਗਰਾਮ ਪੰਚਾਇਤ ਨੇ ਖ਼ਰਚ ਕੀਤੇ। ਮਗਰੋਂ ਸਾਢੇ 6 ਲੱਖ ਰੁਪਏ ਬੀਡੀਪੀਓ ਰਾਹੀਂ ਖ਼ਰਚ ਕਰਕੇ ਸਕੂਲ ਚਲਾਇਆ ਗਿਆ। ਪਿੱਛੇ ਜਿਹੇ ਕੁਲਵੰਤ ਸਿੰਘ ਨੇ ਮੇਅਰ ਕਾਰਜਕਾਲ ਦੌਰਾਨ ਮੁਹਾਲੀ ਨਗਰ ਨਿਗਮ ਵੱਲੋਂ 15 ਲੱਖ ਰੁਪਏ ਖ਼ਰਚ ਕਰਕੇ ਸਮਾਰਟ ਸਕੂਲ ਬਣਾਇਆ ਗਿਆ। ਦਾਨੀ ਗੁਰਬਖ਼ਸ਼ ਸਿੰਘ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਉਸ ਦੇ ਰਿਸ਼ਤੇਦਾਰੀ ’ਚੋਂ ਤਿੰਨ ਵਾਰਸਾਂ ਨੇ ਅਦਾਲਤ ’ਚ ਕੇਸ ਦਾਇਰ ਕਰਕੇ ਸਕੂਲ ਨੂੰ ਦਿੱਤੀ ਜ਼ਮੀਨ ਵਾਪਸ ਮੰਗ ਲਈ ਹੈ। ਕੁੰਭੜਾ ਨੇ ਕਿਹਾ ਕਿ ਇਸ ਸਕੂਲ ’ਚ ਗਰੀਬ ਵਰਗ ਦੇ 500 ਦੇ ਕਰੀਬ ਬੱਚੇ ਪੜ੍ਹ ਰਹੇ ਹਨ। ਆਈਟੀ ਸਿਟੀ ’ਚ ਜ਼ਮੀਨ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਕਾਰਨ ਸਕੂਲ ਤੋਂ ਜ਼ਮੀਨ ਵਾਪਸ ਮੰਗੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ। ਦੋ ਮਾਸੂਮ ਬੱਚੀਆਂ ਆਂਚਲ ਅਤੇ ਸਿਮਰਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਸਕੂਲ ਇੱਥੇ ਹੀ ਰਹਿਣ ਦਿੱਤਾ ਜਾਵੇ।
ਮਜ਼ਬੂਤੀ ਨਾਲ ਪੱਖ ਰੱਖਾਂਗੇ: ਸਕੂਲ ਮੁਖੀ
ਸਕੂਲ ਮੁਖੀ ਸੁਖਦੀਪ ਕੌਰ ਨੇ ਦੱਸਿਆ ਕਿ ਸਕੂਲ ਵਿੱਚ 491 ਬੱਚੇ ਪੜ੍ਹਦੇ ਹਨ ਅਤੇ ਇੱਥੇ ਇੰਚਾਰਜ ਸਮੇਤ 11 ਅਧਿਆਪਕ ਤਾਇਨਾਤ ਹਨ। ਉਨ੍ਹਾਂ ਅਦਾਲਤੀ ਸੰਮਨ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਕੇਸ ਦੀ ਸੁਣਵਾਈ ਮੌਕੇ ਉਹ ਮਜ਼ਬੂਤ ਪੱਖ ਰੱਖਣਗੇ ਅਤੇ ਅਦਾਲਤ ਨੂੰ ਤਰਸ ਦੇ ਆਧਾਰ ’ਤੇ ਵਾਰਸਾਂ ਦੀ ਪਟੀਸ਼ਨ ਰੱਦ ਕਰਨ ਦੀ ਗੁਹਾਰ ਲਗਾਉਣਗੇ।
ਕਾਨੂੰਨੀ ਰਾਏ ਲਈ ਜਾ ਰਹੀ: ਸਿੱਖਿਆ ਅਫਸਰ
ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਦੱਸਿਆ ਕਿ ਕਿਸੇ ਦਾਨੀ ਸੱਜਣ ਨੇ ਉਕਤ ਜ਼ਮੀਨ ਸਕੂਲ ਨੂੰ ਦਾਨ ਦਿੱਤੀ ਸੀ ਪਰ ਇਸ ਸਬੰਧੀ ਕੋਈ ਲਿਖਾ-ਪੜ੍ਹੀ ਨਹੀਂ ਕੀਤੀ ਗਈ ਅਤੇ ਨਾ ਹੀ ਬਾਅਦ ਵਿੱਚ ਕਿਸੇ ਅਧਿਕਾਰੀ ਨੇ ਇੰਤਕਾਲ ਆਪਣੇ ਨਾਂ ਕਰਵਾਉਣ ਦੀ ਕੋਸ਼ਿਸ਼ ਕੀਤੀ। ਕੇਸ ਦੀ ਜਾਣਕਾਰੀ ਮਿਲਣ ’ਤੇ ਕਾਨੂੰਨੀ ਮਾਹਰਾਂ ਦੀ ਰਾਇ ਲਈ ਜਾ ਰਹੀ ਹੈ ਤੇਲੋੜੀਂਦੇ ਦੀ ਰਿਕਾਰਡ ਦੀ ਘੋਖ ਕੀਤੀ ਜਾ ਰਹੀ ਹੈ।