ਆਤਿਸ਼ ਗੁਪਤਾ
ਚੰਡੀਗੜ੍ਹ, 22 ਅਕਤੂਬਰ
ਦੀਵਾਲੀ ਦੇ ਮੱਦੇਨਜ਼ਰ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਲੋਕ ਘਰਾਂ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਰੁਸ਼ਨਾਉਣ ’ਚ ਜੁੱਟੇ ਹਨ। ਇਸੇ ਦੌਰਾਨ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਆਵਾਜਾਈ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਟਰੈਫ਼ਿਕ ਪੁਲੀਸ ਵੀ ਮੁਸਤੈਦ ਦਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਯੂਟੀ ਪ੍ਰਸ਼ਾਸਨ ਵੱਲੋਂ ਦੋ ਸਾਲਾਂ ਬਾਅਦ ਇਸ ਵਾਰ ਦੀਵਾਲੀ ’ਤੇ ਪਟਾਕੇ ਵੇਚਣ ਅਤੇ ਦੋ ਘੰਟੇ ਚਲਾਉਣ ਦੀ ਪ੍ਰਵਾਨਗੀ ਦਿੱਤੇ ਜਾਣ ਕਰਕੇ ਸ਼ਹਿਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਵਿਭਾਗ ਨੇ ਵੀ ਤਿਆਰੀ ਪੂਰੀ ਕਰ ਲਈ ਹੈ। ਵਿਭਾਗ ਨੇ ਸ਼ਹਿਰ ਨੂੰ ਸੱਤ ਜ਼ੋਨਾਂ ਵਿੱਚ ਵੰਡ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੱਤ ਗੱਡੀਆਂ ਨੂੰ 24 ਘੰਟੇ ਤਾਇਨਾਤ ਕੀਤਾ ਹੈ। ਅੱਗਜ਼ਨੀ ਦੀ ਘਟਨਾ ’ਤੇ ਕਾਬੂ ਪਾਉਣ ਲਈ 22 ਅਕਤੂਬਰ ਰਾਤ 12 ਵਜੇ ਤੋਂ ਲੈ ਕੇ 25 ਅਕਤੂਬਰ ਸਵੇਰ ਤੱਕ ਸੱਤ ਥਾਵਾਂ ’ਤੇ ਫਾਇਰ ਟੈਂਡਰ ਖੜ੍ਹੇ ਰਹਿਣਗੇ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੇ ਸੱਤ ਬੁਲੇਟ ਮੋਟਰਸਾਈਕਲਾਂ ਸ਼ਹਿਰ ਵਿੱਚ ਗਸ਼ਤ ਕਰਨਗੇ। ਤਿਉਹਾਰਾਂ ਕਾਰਨ ਫਾਇਰ ਬ੍ਰਿਗੇਡ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਵੱਲੋਂ ਸੈਕਟਰ 19 ਵਿੱਚ ਸਦਰ ਬਾਜ਼ਾਰ, ਸੈਕਟਰ-22 ’ਚ ਅਰੋਮਾ ਲਾਈਟ ਪੁਆਇੰਟ, ਹਾਊਸਿੰਗ ਬੋਰਡ ਚੌਕ ਤੇ ਮਨੀਮਾਜਰਾ ਮੁੱਖ ਬਾਜ਼ਾਰ, ਸੈਕਟਰ 15 ਪਟੇਲ ਮਾਰਕੀਟ, ਸੈਕਟਰ 17 ਪਲਾਜ਼ਾ, ਆਨਾਜ਼ ਮੰਡੀ ਸੈਕਟਰ 26 ਅਤੇ ਇੰਡਸਟਰੀਅਲ ਏਰੀਆ ਵਿੱਚ ਏਲਾਂਤੇ ਮਾਲ ਦੇ ਨਜ਼ਦੀਕ ਫਾਈਰ ਬ੍ਰਿਗੇਡ ਦੇ ਮੁਲਾਜ਼ਮ ਹਰ ਸਮੇਂ ਤੈਨਾਤ ਰਹਿਣਗੇ, ਜਦਕਿ ਸ਼ਹਿਰ ਦੇ ਭੀੜ-ਭਾੜ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਮੋਟਰਸਾਈਕਲਾਂ ਰਾਹੀ ਗਸ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਪੁਲੀਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਲੋੜ ਪੈਣ ’ਤੇ 112 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ।
ਯੂਟੀ ਦੇ ਸਟੇਸ਼ਨ ਫਾਇਰ ਅਫ਼ਸਰ ਐੱਲਬੀ ਗੌਤਮ ਨੇ ਕਿਹਾ ਕਿ ਦੀਵਾਲੀ ’ਤੇ ਬੱਚਿਆਂ ਨੂੰ ਇਕੱਲਿਆਂ ਪਟਾਕੇ ਨਾ ਚਲਾਉਣ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖੇ ਜਾਣ ਤਾਂ ਕਿ ਕੋਈ ਪਟਾਕਾ ਜਾਂ ਚੰਗਿਆੜੀ ਘਰ ਵਿੱਚ ਦਾਖ਼ਲ ਨਾ ਹੋਵੇ। ਉਨ੍ਹਾਂ ਕਿਹਾ ਕਿ ਘਰਾਂ ’ਤੇ ਲਾਈਟਾਂ ਪਾਉਣ ਸਮੇਂ ਬਿਜਲੀ ਦੀਆਂ ਤਾਰਾਂ ਦੇ ਜੋੜ ਚੰਗੀ ਤਰ੍ਹਾਂ ਬੰਦ ਕੀਤੇ ਜਾਣ ਅਤੇ ਰਾਤ ਸਮੇਂ ਦੀਪਮਾਲਾ ਕਰਨ ਵੇਲੇ ਖੁੱਲ੍ਹੇ ਕੱਪੜਿਆਂ ਦਾ ਧਿਆਨ ਰੱਖਿਆ ਜਾਵੇ।
ਚੰਡੀਗੜ੍ਹ ਵਿੱਚ 13 ਥਾਵਾਂ ’ਤੇ ਹੀ ਵੇਚੇ ਜਾਣਗੇ ਪਟਾਕੇ
ਯੂਟੀ ਪ੍ਰਸ਼ਾਸਨ ਨੇ ਦੋ ਸਾਲਾਂ ਬਾਅਦ ਇਸ ਵਾਰ ਸ਼ਹਿਰ ਵਿੱਚ ਪਟਾਕੇ ਵੇਚਣ ਅਤੇ ਸਿਰਫ਼ ਦੋ ਘੰਟੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਪਟਾਕੇ ਵੇਚਣ ਲਈ ਪ੍ਰਸ਼ਾਸਨ ਨੇ ਸ਼ਹਿਰ ਵਿੱਚ 13 ਥਾਵਾਂ ’ਤੇ 96 ਜਣਿਆਂ ਨੂੰ ਲਾਈਸੈਂਸ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-43 ਦਸਹਿਰਾ ਗਰਾਊਂਡ, ਸੈਕਟਰ-46 ਰਾਮਲੀਲਾ ਮੈਦਾਨ, ਸੈਕਟਰ-33 ਸੀ, ਸੈਕਟਰ-37 ਸੀ, ਸੈਕਟਰ-24 ’ਚ ਦਸਹਿਰਾ ਗਰਾਊਂਡ, ਸੈਕਟਰ-29 ’ਚ ਸਬਜ਼ੀ ਮੰਡੀ ਵਾਲਾ ਗਰਾਊਂਡ, ਰਾਮ ਦਰਬਾਰ, ਮਨੀਮਾਜਰਾ, ਸੈਕਟਰ-20 ’ਚ ਮਸਜਿਦ ਵਾਲਾ ਮੈਦਾਨ, ਸੈਕਟਰ-49, ਸੈਕਟਰ-48, ਸੈਕਟਰ-45 ਡੀ ਅਤੇ ਸੈਕਟਰ-28 ਵਿੱਚ ਪਟਾਕੇ ਵੇਚਣ ਦੀ ਪ੍ਰਵਾਨਗੀ ਦਿੱਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਸ ਤੋਂ ਇਲਾਵਾ ਹੋਰ ਜਗ੍ਹਾ ਪਟਾਕੇ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਾਰਵਾਈ ਕੀਤੀ ਜਾਵੇਗੀ।