ਮੁੱਖ ਅੰਸ਼
- ਪ੍ਰਾਜੈਕਟਾਂ ਵਿਚ ਨਿਵੇਸ਼ ਕਰਨ ਵਾਲਿਆਂ ਦੇ ਸਾਹ ਸੂਤੇ
- ਜ਼ੀਰਕਪੁਰ, ਡੇਰਾਬੱਸੀ ਤੇ ਖਰੜ ਵਿੱਚ ਕਈ ਪ੍ਰਾਜੈਕਟ ਪਏ ਨੇ ਅਧੂਰੇ
ਹਰਜੀਤ ਸਿੰਘ
ਜ਼ੀਰਕਪੁਰ, 22 ਸਤੰਬਰ
ਸ਼ਹਿਰ ਵਿੱਚ ਲੰਘੇ ਕੁਝ ਦਿਨਾਂ ਤੋਂ ਇਕ ਨਾਮੀ ਬਿਲਡਰ ਦੇ ਫ਼ਰਾਰ ਹੋਣ ਦੀ ਚਰਚਾ ਹੈ। ਇਸ ਬਿਲਡਰ ਦੇ ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਵਿੱਚ ਕਈ ਵੱਡੇ ਹਾਊਸਿੰਗ ਤੇ ਕਾਮਰਸ਼ੀਅਲ ਪ੍ਰਾਜੈਕਟ ਪੂਰੇ ਹੋ ਚੁੱਕੇ ਹਨ ਜਦਕਿ ਕੁਝ ਉਸਾਰੀ ਅਧੀਨ ਹਨ। ਉਸਾਰੀ ਅਧੀਨ ਪ੍ਰਾਜੈਕਟਾਂ ਦਾ ਕੰਮ ਲੰਘੇ ਕੁਝ ਦਿਨਾਂ ਤੋਂ ਅੱਧ ਵਿਚਾਲੇ ਹੀ ਲਟਕ ਰਿਹਾ ਹੈ। ਸ਼ਟਰਿੰਗ ਵਾਲਿਆਂ ਨੇ ਇਨ੍ਹਾਂ ਪ੍ਰਾਜੈਕਟਾਂ ਤੋਂ ਆਪਣੀ ਸ਼ਟਰਿੰਗ ਵੀ ਲਾਹ ਲਈ ਹੈ। ਬਿਲਡਰ ਦੇ ਰੂਪੋਸ਼ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਪ੍ਰਾਜੈਕਟਾਂ ਵਿੱਚ ਪੈਸੇ ਲਾਉਣ ਵਾਲੇ ਨਿਵੇਸ਼ਕਾਂ ਦੇ ਸਾਹ ਸੂਤੇ ਗਏ ਹਨ। ਦੂਜੇ ਪਾਸੇ ਇਸ ਬਿਲਡਰ ਦੀਆਂ ਕਈ ਰਿਹਾਇਸ਼ੀ ਕਲੋਨੀਆਂ ਪੂਰੀ ਤਰ੍ਹਾਂ ਵੱਸੀਆ ਹੋਈਆਂ ਹਨ ਜਿੱਥੇ ਕਿ ਬਿਲਡਰ ਦੇ ਗਾਇਬ ਹੋਣ ਨਾਲ ਰੱਖ-ਰਖਾਓ ਸਬੰਧੀ ਵੱਡੀ ਸਮੱਸਿਆ ਪੇਸ਼ ਆ ਗਈ ਹੈ। ਬਿਲਡਰ ਦੇ ਰੂਪੋਸ਼ ਹੋਣ ਨਾਲ ਉਸ ਦੇ ਉਸਾਰੀ ਅਧੀਨ ਪ੍ਰਾਜੈਕਟਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਨਿਵੇਸ਼ਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਉਂਝ ਹਾਲੇ ਤੱਕ ਸਥਾਨਕ ਪੁਲੀਸ ਨੂੰ ਕਿਸੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਨਾਮੀ ਬਿਲਡਰ ਜਿਸ ਦੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਹਾਊਸਿੰਗ ਅਤੇ ਕਾਮਰਸ਼ੀਅਲ ਪ੍ਰਾਜੈਕਟ ਉਸਾਰੀ ਅਧੀਨ ਹਨ, ਰੂਪੋਸ਼ ਹੋ ਗਿਆ ਹੈ। ਇਨ੍ਹਾਂ ਪ੍ਰਾਜੈਕਟਾਂ ਵਿੱਚ ਵੱਡੀ ਗਿਣਤੀ ਨਿਵੇਸ਼ਕਾਂ ਨੇ ਪਲਾਟ, ਫਲੈਟ ਅਤੇ ਸ਼ੋਅਰੂਮ ਲੈਣ ਲਈ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਲਗਾਈ ਹੋਈ ਹੈ। ਬਿਲਡਰ ਦੇ ਲੰਘੇ ਕਈ ਦਿਨਾਂ ਤੋਂ ਸਾਰੇ ਮੋਬਾਈਲ ਫੋਨ ਬੰਦ ਆ ਰਹੇ ਹਨ ਅਤੇ ਪ੍ਰਾਜੈਕਟਾਂ ਦੇ ਕੰਮ ਵੀ ਬੰਦ ਹੋ ਗਏ ਹਨ। ਬਿਲਡਰ ਦੇ ਫੋਨ ਬੰਦ ਆਉਣ ਕਾਰਨ ਵੱਡੀ ਗਿਣਤੀ ਨਿਵੇਸ਼ਕ ਰੋਜ਼ਾਨਾ ਉਨ੍ਹਾਂ ਦੇ ਪ੍ਰਾਜੈਕਟਾਂ ਵਿੱਚ ਇਕੱਤਰ ਹੋ ਰਹੇ ਹਨ। ਅੱਜ ਵੀ ਵੱਡੀ ਗਿਣਤੀ ਨਿਵੇਸ਼ਕਾਂ ਨੇ ਪ੍ਰਾਜੈਕਟ ਵਿੱਚ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਿਲਡਰ ਵੱਡੇ-ਵੱਡੇ ਸੁਫ਼ਨੇ ਦਿਖਾ ਕੇ ਹੁਣ ਰੂਪੋਸ਼ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਿਲਡਰ ਖ਼ਿਲਾਫ਼ ਚੰਡੀਗੜ੍ਹ ਪੁਲੀਸ ਵੱਲੋਂ ਲੰਘੇ ਦਿਨੀਂ ਧੋਖਾਧੜੀ ਦੇ ਕੁਝ ਕੇਸ ਦਰਜ ਕੀਤੇ ਗਏ ਹਨ ਅਤੇ ਉਸ ਦੇ ਬਾਅਦ ਤੋਂ ਹੀ ਉਹ ਫ਼ਰਾਰ ਚੱਲ ਰਿਹਾ ਹੈ। ਬਿਲਡਰ ਦੇ ਤਿੰਨ ਭਰਾ ਤੇ ਉਸ ਦੀ ਕੰਪਨੀ ਦਾ ਜਨਰਲ ਮੈਨੇਜਰ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਜ਼ੀਰਕਪੁਰ ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਸਬੰਧਤ ਬਿਲਡਰ ਖ਼ਿਲਾਫ਼ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਹੀ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।