ਪੱਤਰ ਪ੍ਰੇਰਕ
ਅਮਲੋਹ, 1 ਨਵੰਬਰ
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਧਰਮਗੜ੍ਹ ਦਾ ਅਗਾਂਹਵਧੂ ਕਿਸਾਨ ਇੰਦਰਜੀਤ ਸਿੰਘ 305 ਏਕੜ ਰਕਬੇ ਵਿਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ, ਜਿਸ ਨਾਲ ਉਸਦੀ ਫ਼ਸਲ ਦੇ ਝਾੜ ਵਿਚ ਚੋਖਾ ਵਾਧਾ ਹੋਇਆ ਹੈ। ਅਜਿਹਾ ਕਰ ਕੇ ਊਹ ਹੋਰ ਕਿਸਾਨਾਂ ਲਈ ਵੀ ਰਾਹ ਦਸੇਰਾ ਬਣਿਆ ਹੋਇਆ।
ਅਗਾਂਹਵਧੂ ਕਿਸਾਨ ਇੰਦਰਜੀਤ ਸਿੰਘ 11 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਉਸ ਨੇ 300 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਇਸ ਵਾਰ ਇਸ ਕਿਸਾਨ ਨੇ 305 ਏਕੜ ਰਕਬੇ ਵਿਚ ਝੋਨੇ ਦੀ ਖੇਤੀ ਕੀਤੀ ਸੀ ਅਤੇ ਸੁਪਰ ਐੱਸ.ਐੱਮ.ਐੱਸ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਵਾਈ, ਜਿਸ ਨਾਲ ਜਿੱਥੇ ਇਸ ਕਿਸਾਨ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਸਗੋਂ ਵਾਤਾਵਰਨ ਦੀ ਸ਼ੁੱਧਤਾ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਕਿਸਾਨ ਇੰਦਰਜੀਤ ਸਿੰਘ ਕੋਲ 7 ਟਰੈਕਟਰ ਅਤੇ ਹੋਰ ਆਧੁਨਿਕ ਖੇਤੀ ਸੰਦ ਹਨ, ਜਿਨ੍ਹਾਂ ਦੀ ਵਰਤੋਂ ਇਹ ਕਿਸਾਨ ਪਰਾਲੀ ਦੀ ਸੁਚੱਜੀ ਸੰਭਾਲ ਲਈ ਕਰਦਾ ਹੈ।
ਇੰਦਰਜੀਤ ਸਿੰਘ ਦੇ ਦੱਸਣ ਅਨੁਸਾਰ ਕਣਕ ਦੀ ਬਿਜਾਈ ਉਹ ਐੱਮ.ਬੀ ਪਲੋਅ ਮਲਚਰ, ਰੋਟਾਵੇਟਰ ਅਤੇ ਹੈਪੀਸੀਡਰ, ਸੁਪਰਸੀਡਰ ਦੀ ਸਹਾਇਤਾ ਨਾਲ ਕਰਦਾ ਹੈ, ਉਸ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਵਿੱਚ ਹੀ ਵਾਹਿਆ ਹੈ। ਉਸ ਨੇ ਹੋਰਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਅਤੇ ਪਰਾਲੀ ਨੂੰ ਖੇਤ ਵਿਚ ਰਲਾ ਕੇ ਹੀ ਕਣਕ ਦੀ ਬਿਜਾਈ ਕਰਨ। ਉਨ੍ਹਾਂ ਦੱਸਿਆ ਕਿ ਉਸ ਨੇ ਆਲੂਆਂ ਦੀ ਬਿਜਾਈ ਵਾਲੇ ਖੇਤਾਂ ਵਿਚ ਪਰਾਲੀ ਪ੍ਰਬੰਧਨ ਲਈ ਉਲਟਾਂਵੇ ਹਲ ਦੀ ਵਰਤੋਂ ਕੀਤੀ ਹੈ, ਜਿਸ ਦੇ ਸਿੱਟੇ ਵਜੋਂ ਉਸ ਨੂੰ ਕਾਫ਼ੀ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਮਨਜੂਰਸ਼ੁਦਾ ਕਿਸਮਾਂ ਅਤੇ ਸਿਫਾਰਸ਼ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਜਿਸ ਨਾਲ ਕਾਫ਼ੀ ਹੱਦ ਤੱਕ ਖੇਤੀ ਖ਼ਰਚੇ ਘਟਣਗੇ।