ਸੰਜੀਵ ਤੇਜਪਾਲ
ਮੋਰਿੰਡਾ, 3 ਜੂਨ
ਸ਼ਹਿਰ ਦੀ ਬਸੀ ਰੋਡ ’ਤੇ ਦੇਰ ਰਾਤ ਨੂੰ ਸ਼ਿਵ ਨੰਦਾ ਸਕੂਲ ਸਾਹਮਣੇ ਬਿਜਲੀ ਦੇ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ। ਇਸ ਕਾਰਨ ਟਰਾਂਸਫਾਰਮਰ ਦਾ ਤੇਲ ਸੜਕ ’ਤੇ ਫੈਲ ਗਿਆ ਤੇ ਇਸ ਨੂੰ ਅੱਗ ਲੱਗ ਗਈ। ਇਸ ਘਟਨਾ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ।
ਮਹੱਲਾ ਵਾਸੀ ਤਰਸੇਮ ਸਿੰਘ ਸੇਮਾ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਬਿਜਲੀ ਦੀ ਮਾੜੀ ਸਪਲਾਈ ਕਾਰਨ ਲੋਕ ਪ੍ਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਮੁਹੱਲਾ ਵਾਸੀਆਂ ਨੇ ਜੈਰਨੇਟਰ ਮੰਗਵਾ ਕੇ ਪਸ਼ੂਆਂ ਲਈ ਪਾਣੀ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਸ ਟਰਾਂਸਫਾਰਮਰ ਨੂੰ ਅੱਗ ਲੱਗੀ ਤਾਂ ਉੱਥੇ ਉਨ੍ਹਾਂ ਦੀ ਕਾਰ ਵੀ ਖੜ੍ਹੀ ਸੀ ਪਰ ਲੋਕਾਂ ਵੱਲੋਂ ਕਾਰ ਨੂੰ ਧੱਕਾ ਲਗਾ ਕੇ ਅੱਗ ਤੋਂ ਦੂਰ ਕਰ ਦਿੱਤਾ ਗਿਆ।
ਇਸ ਮੌਕੇ ਅਰਵਿੰਦਰ ਸਿੰਘ, ਹਰੀਸ਼ ਕੁਮਾਰ, ਦਲਬੀਰ ਸਿੰਘ ਅਤੇ ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਦੋ ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਉਨ੍ਹਾਂ ਆਪਣੇ ਪੱਧਰ ’ਤੇ ਖ਼ਰਚਾ ਕਰ ਕੇ ਟਰਾਂਸਫਾਰਮਰ ਤੇ ਮਸ਼ੀਨ ਲਿਆ ਕੇ ਮੁਹੱਲੇ ਵਿੱਚ ਬਿਜਲੀ ਚਾਲੂ ਕਰਵਾਈ ਸੀ। ਬਿਜਲੀ ਸਪਲਾਈ ਦੇੇ ਕੁਝ ਘੰਟੇ ਚੱਲਣ ਤੋਂ ਬਾਅਦ ਹੀ ਟਰਾਂਸਫਾਰਮਰ ਖ਼ਰਾਬ ਹੋ ਗਿਆ ਤੇ ਮੁੜ ਬਿਜਲੀ ਸਪਲਾਈ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਅੱਜ ਹੀ ਮਹਿਕਮੇ ਵੱਲੋਂ ਇੱਥੇ ਟਰਾਂਸਫਾਰਮਰ ਬਦਲਿਆ ਗਿਆ ਸੀ, ਪਰ ਉਹ ਵੀ ਖ਼ਰਾਬ ਹੋ ਗਿਆ।
ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਘਟਨਾ ਸਥਾਨ ’ਤੇ ਪਹੁੰਚ ਗਈਆਂ ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ। ਜੇਈ ਪਾਰੁਲ ਨੇ ਦੱਸਿਆ ਕਿ ਟਰਾਂਸਫਾਰਮਰ ਦੇ ਓਵਰਲੋਡ ਚੱਲਣ ਕਾਰਨ ਇਹ ਹਾਦਸਾ ਵਾਪਰਿਆ ਹੈ। ਵਿਭਾਗ ਦੇ ਮੁਲਾਜ਼ਮਾਂ ਨੇ ਦੂਜਾ ਟਰਾਂਸਫਾਰਮਰ ਲਗਾ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਹੈ।