ਪੱਤਰ ਪ੍ਰੇਰਕ
ਕੁਰੂਕਸ਼ੇਤਰ, 4 ਸਤੰਬਰ
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਕਥਾ ਵਿਚਾਰ ਸਮਾਗਮ ਕਰਵਾਇਆ ਗਿਆ। ਐੱਚਐੱਸਜੀਐੱਮਸੀ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ‘ਚ ਕਾਰਜਕਾਰੀ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ, ਹਰਵਿੰਦਰ ਸਿੰਘ ਬਿੰਦੂ, ਬੁਲਾਰੇ ਕਵਲਜੀਤ ਸਿੰਘ ਅਜਰਾਣਾ ਸਣੇ ਮੁੱਖ ਦਫ਼ਤਰ ਅਤੇ ਗੁਰਦੁਆਰੇ ਦਾ ਸਟਾਫ਼ ਹਾਜ਼ਰ ਸੀ। ਸਾਬਕਾ ਹੈੱਡ ਗ੍ਰੰਥੀ ਭਾਈ ਗੁਰਦਾਸ ਸਿੰਘ ਨੇ ਸੰਗਤਾਂ ਨਾਲ ਗੁਰੂ ਇਤਿਹਾਸ ਸਾਂਝਾ ਕੀਤਾ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ, ਉਪਦੇਸ਼ ਅਤੇ ਇਸ ਦੀ ਸੰਪੂਰਨਤਾ ਦੇ ਨਾਲ-ਨਾਲ ਇਸ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਸੰਗਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਵੀ ਅਪੀਲ ਕੀਤੀ। ਅੰਤ ਵਿੱਚ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਟੋਹਾਣਾ (ਪੱਤਰ ਪ੍ਰੇਰਕ ): ਕਰਨਲ ਭੀਮ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਨਲ ਭੀਮ ਸਿੰਘ ਫਾਊਂਡੇਸ਼ਨ ਟਰੱਸਟ ਦੇ ਨਾਂ ’ਤੇ ਡੇਢ ਏਕੜ ਜ਼ਮੀਨ ਹਿਸਾਰ ਰੋਡ ਬਾਈਪਾਸ ’ਤੇ ਦਾਨ ਕਰਕੇ ਕਰੀਬ 3.5 ਕਰੋੜ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਗੁਰੂ ਨਾਨਕ ਧਰਮਸ਼ਾਲਾ ਨਾਂ ਦਾ ਨਿਰਮਾਣ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਪਹਿਲੇ ਪ੍ਰਕਾਸ਼ ਦਿਹਾੜੇ ’ਤੇ ਧਾਰਮਿਕ ਸਮਾਗਮ ਅਰੰਭ ਕਰਕੇ ਗੁਰੂਘਰ ਦਾ ਉਦਘਾਟਨ ਕੀਤਾ।
ਗੁਰੂਘਰ ਅਹਾਤੇ ਵਿੱਚ ਹਾਈਡਰੋਲਿਕ 91 ਫੁੱਟ ਉਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਤੇ ਅੱਜ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ। 80X60 ਫੁੱਟ ਦਾ ਹਾਲ ਸਾਰਾ ਆਧੁਨਿਕ ਸਹੂੂਲਤਾਂ ਵਾਲਾ, ਏਸੀ ਬਣਾਇਆ ਗਿਆ ਹੈ। ਲੰਗਰ ਹਾਲ ਰਸੋਈ, ਬੱਚਿਆਂ ਲਈ ਲਾਇਬ੍ਰੇਰੀ, ਮਰੀਜ਼ਾਂ ਲਈ ਡਿਸਪੈਂਸਰੀ, ਵਾਹਨਾਂ ਲਈ ਪਾਰਕਿੰਗ, ਮੁਸਾਫ਼ਰਾਂ ਲਈ ਰਾਤਰੀ ਠਹਿਰਣ ਦਾ ਪ੍ਰੰਬਧ ਕੀਤਾ ਗਿਆ ਹੈ। ਸਮਾਗਮ ਵਿੱਚ ਹਲਕੇ ਦੀਆਂ ਸਿੱਖ ਜੱਥੇਬੰਦੀਆ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ, ਹਲਕੇ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਜ਼ੂਰੀ ਰਾਗੀ ਸਤਨਾਮ ਸਿੰਘ ਅੰਮ੍ਰਿਤਸਰ, ਕੁਰੂਕਸ਼ੇਤਰ ਤੋਂ ਭਾਈ ਪਰਮਿੰਦਰ ਸਿੰਘ ਦੇ ਜਥੇ, ਨੌਵੀਂਂ ਪਾਤਸ਼ਾਹੀ ਤੋਂ ਕੀਰਤਨੀ ਜਥੇ ਨੇ ਕੀਤਰਨ ਕੀਤਾ। ਇਸ ਮੌਕੇ ਬਾਬਾ ਛਿੰਦਾ ਸਿੰਘ ਨੇ ਭਵਨ ਨਿਰਮਾਣ ਦੇ ਮੁੱਖ ਕਾਰੀਗਰ ਗੁਰਦੀਪ ਸਿੰਘ, ਮਜ਼ਦਰਾਂ ਤੇ ਸੇਵਾਦਾਰਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ। ਮਗਰੋਂ ਪਰਿਵਾਰ ਨੇ ਬਾਬਾ ਛਿੰਦਾ ਸਿੰਘ ਨੂੰ ਸਿਰੋਪੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।