ਕਰਮਜੀਤ ਸਿੰਘ ਚਿੱਲਾ
ਬਨੂੜ, 21 ਅਗਸਤ
ਦਿੱਲੀ ਦੇ ਸਿੰਘੂ ਬਾਰਡਰ ਉੱਤੇ 22 ਤੋਂ 26 ਸਤੰਬਰ ਨੂੰ ਹੋਣ ਵਾਲੀ ਮੇਜਰ ਕਬੱਡੀ ਲੀਗ ਦਾ ਪੰਜ ਲੱਖ ਦਾ ਪਹਿਲਾ ਇਨਾਮ ਅਮਰੀਕਾ ਦੇ ਕੈਲੀਫੋਰਨੀਆ ਰਹਿੰਦੇ ਗਾਖਲ ਭਰਾ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਮੁਹੱਈਆ ਕਰਾਉਣਗੇ। ਇਹ ਜਾਣਕਾਰੀ ਉੱਘੇ ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਆਗੂ ਸਾਧੂ ਸਿੰਘ ਖਲੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਗਾਖਲ ਭਰਾਵਾਂ ਦੇ ਫੈਸਲੇ ਤੋਂ ਜਾਣੂ ਕਰਾ ਦਿੱਤਾ ਗਿਆ ਹੈ। ਸ੍ਰੀ ਖਲੌਰ ਨੇ ਦੱਸਿਆ ਕਿ ਗਾਖਲ ਭਰਾਵਾਂ ਵੱਲੋਂ ਦਿੱਲੀ ਦੇ ਕਿਸਾਨ ਸੰਘਰਸ਼ ਲਈ ਲਗਾਤਾਰ ਲੰਗਰਾਂ ਲਈ ਸਮੱਗਰੀ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਹ ਸਿੰਘੂ ਬਾਰਡਰ ਦੇ ਲੰਗਰਾਂ ਉੱਤੇ ਇੱਕ ਲੱਖ ਦੇ ਕਰੀਬ ਰਾਸ਼ੀ ਦੀ ਇੱਕ ਹਜ਼ਾਰ ਤੋਂ ਵੱਧ ਪੀਣ ਵਾਲੇ ਪਾਣੀ ਦੀਆਂ ਪੇਟੀਆਂ ਵੰਡ ਕੇ ਆਏ ਹਨ। ਇਸ ਮੌਕੇ ਜਤਿੰਦਰ ਸਿੰਘ ਰੋਮੀ ਅਬਰਾਵਾਂ, ਕਰਤਾਰ ਸਿੰਘ ਖਲੌਰ, ਬਲਕਾਰ ਸਿੰਘ ਖਲੌਰ, ਨਵਾਬ ਸਿੰਘ ਸਿਆਊ ਹਾਜ਼ਰ ਸਨ।
ਰਾਣਾ ਕੇਪੀ ਵੱਲੋਂ ਖੇਡ ਮੈਦਾਨ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਟ
ਘਨੌਲੀ (ਜਗਮੋਹਨ ਸਿੰਘ): ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦੁਰ ਖੇਡ ਮੈਦਾਨ ਭਰਤਗੜ੍ਹ ਦਾ ਦੌਰਾ ਕੀਤਾ ਅਤੇ ਨੌਜਵਾਨਾਂ ਨੂੰ ਖੇਡ ਮੈਦਾਨ ਵੱਲ ਪ੍ਰੇਰਿਤ ਕਰਨ ਵਾਲੇ ਕੈਪਟਨ ਹਰੀਅਵਤਾਰ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖੇਡ ਮੈਦਾਨ ਵਿਚ ਨੌਜਵਾਨਾਂ ਲਈ ਹੋਰ ਸਹੂਲਤਾਂ ਉਪਲੱਬਧ ਕਰਵਾਉਣ ਲਈ 5 ਲੱਖ ਰੁਪਏ ਦਾ ਚੈਕ ਦਿੱਤਾ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਹ ਪੰਜਾਬ ਵਿਚ ਬਦਲਦੇ ਮਾਹੌਲ ਦੀ ਤਸਵੀਰ ਹੈ, ਸੂਬੇ ਵਿਚ ਖੁਸ਼ਹਾਲੀ ਅਤੇ ਤਰੱਕੀ ਪਰਤ ਰਹੀ ਹੈ। ਇਸ ਮੌਕੇ ਮੈਂਬਰ ਜ਼ਿਲ੍ਹਾ ਪਰੀਸ਼ਦ ਨਰਿੰਦਰ ਪੁਰੀ, ਮੈਬਰ ਸਮਿਤੀ ਸੋਨੀਆ ਪੁਰੀ, ਮੈਬਰ ਸਮਿਤੀ ਅਜਮੇਰ ਸਿੰਘ ਫੋਜੀ, ਸਰਪੰਚ ਸੁਖਦੀਪ ਸਿੰਘ ਰਾਣਾ, ਸਰਪੰਚ ਮੋਹਣ ਸਿੰਘ ਭੁੱਲਰ, ਸਰਪੰਚ ਪਰਮਜੀਤ ਸਿੰਘ ਬੇਲੀ, ਸਰਪੰਚ ਜ਼ਸਵਿੰਦਰ ਸਿੰਘ ਸੈਣੀ, ਸਰਪੰਚ ਤੇਜਾ ਸਿੰਘ ਸਰਸਾ ਨੰਗਲ ਹਾਜ਼ਰ ਸਨ।