ਪੱਤਰ ਪ੍ਰੇਰਕ
ਚੰਡੀਗੜ੍ਹ, 27 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿੱਚ ‘ਆਤਮ ਨਿਰਭਰ ਭਾਰਤ ਲਈ ਮਾਨਚਿੱਤਰ’ ਵਿਸ਼ੇ ਬਾਰੇ 41ਵੀਂ ਕੌਮਾਂਤਰੀ ਕਾਨਫਰੰਸ ਕਰਵਾਈ, ਜਿਸ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਾਬਕਾ ਕੇਂਦਰੀ ਮੰਤਰੀ ਦੱਤਾਤ੍ਰੇਅ ਨੇ ਕਿਹਾ ਕਿ ਦੇਸ਼ ਵਿੱਚ ਮਾਨ-ਚਿੱਤਰਨ ਪ੍ਰਣਾਲੀ (ਜਿਓਗ੍ਰਾਫ਼ਿਕ ਇਨਫਰਮੇਸ਼ਨ ਸਾਇੰਸਿਜ਼) ਤਹਿਤ ਭੂਗੋਲਿਕ ਸੂਚਨਾ ਵਿਗਿਆਨ (ਜੀ.ਆਈ.ਐਸ.) ਦਾ ਪ੍ਰਯੋਗ ਕਰਕੇ ਡਿਜੀਟਲਾਇਜੇਸ਼ਨ ਦੇ ਮਾਧਿਅਮ ਰਾਹੀਂ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰੇਕ ਲੋੜਵੰਦ ਤੱਕ ਪਹੁੰਚਾਇਆ ਜਾ ਸਕਦਾ ਹੈ। ਹਰਿਆਣਾ ਇਸ ਮਾਨਚਿੱਤਰ ਪਰਿਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। ਰਾਜਪਾਲ ਦੱਤਾਤ੍ਰੇਅ ਨੇ ਇੰਡੀਅਨ ਨੈਸ਼ਨਲ ਕਾਰਟੋਗ੍ਰਾਫ਼ਿਕ ਐਸੋਸੀਏਸ਼ਨ ਦੀ ਪੁਸਤਕ ਰਿਲੀਜ਼ ਕੀਤੀ। ਉਨ੍ਹਾਂ ਮਾਨਚਿੱਤਰ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ। ਸੰਮੇਲਨ ਵਿੱਚ ਭਾਰਤ ਸਰਕਾਰ ਦੇ ਨੁਮਾਇੰਦੇ ਨਵੀਨ ਤੋਮਰ, ਵਾਈਸ ਐਡਮਿਰਲ ਅਧੀਰ ਅਰੋੜਾ, ਐੱਨਆਈਏਐੱਸ ਬੰਗਲੌਰ ਦੇ ਡਾਇਰੈਕਟਰ ਡਾ. ਸੈਲੇਸ਼ ਨਾਇਕ, ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਅਤੇ ਇੰਡੀਅਨ ਨੈਸ਼ਨ ਕਾਰਟੋਗ੍ਰਾਫ਼ਿਕ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਮੋਹਨ ਨੇ ਵੀ ਵਿਚਾਰ ਪੇਸ਼ ਕੀਤੇ।