ਆਤਿਸ਼ ਗੁਪਤਾ
ਚੰਡੀਗੜ੍ਹ, 21 ਸਤੰਬਰ
ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚਣ ’ਤੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐੱਂਡ ’ਤੇ ਸਥਿਤ ਇੱਕ ਫਲੱਡ ਗੇਟ ਖੋਲ੍ਹ ਦਿੱਤਾ ਜੋ ਸਾਢੇ ਚਾਰ ਘੰਟਿਆਂ ਬਾਅਦ ਬੰਦ ਕੀਤਾ ਗਿਆ। ਝੀਲ ’ਚ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ ਜਿੱਥੇ ਤੱਕ ਪਾਣੀ ਪਹੁੰਚ ਗਿਆ। ਪ੍ਰਸ਼ਾਸਨ ਨੇ ਸਵਾ ਮਹੀਨੇ ਵਿੱਚ ਤੀਜੀ ਵਾਰ ਫਲੱਡ ਗੇਟ ਖੋਲ੍ਹਿਆ ਹੈ। ਇਸ ਤੋਂ ਪਹਿਲਾਂ ਵੀ 9 ਅਤੇ 14 ਅਗਸਤ ਨੂੰ ਪਾਣੀ ਦਾ ਪੱਧਰ ਵਧਣ ਕਰਕੇ ਸੁਖਨਾ ਝੀਲ ਦਾ ਇੱਕ ਫਲੱਡ ਗੇਟ ਖੋਲ੍ਹਿਆ ਗਿਆ ਸੀ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਝੀਲ ਵਿੱਚ ਆਲੇ-ਦੁਆਲੇ ਦੇ ਕਈ ਪਿੰਡਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚੋਂ ਮੀਂਹ ਦਾ ਪਾਣੀ ਆਉਂਦਾ ਹੈ ਜਿੱਥੇ ਲਗਾਤਾਰ ਇੱਕ ਹਫ਼ਤੇ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ ਵਧ ਗਿਆ।
ਅੱਜ ਸਵੇਰੇ ਅਚਾਨਕ ਪਾਣੀ ਵਧ ਕੇ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਜਿਸ ਬਾਰੇ ਜਾਣਕਾਰੀ ਮਿਲਦੇ ਹੀ ਯੂਟੀ ਪ੍ਰਸ਼ਾਸਨ ਨੇ ਤਿੰਨ ਫਲੱਡ ਗੇਟਾਂ ਵਿੱਚੋਂ ਵਿਚਕਾਰਲਾ ਗੇਟ ਖੋਲ੍ਹ ਦਿੱਤਾ। ਇਹ ਗੇਟ ਸਵੇਰੇ 10.30 ਵਜੇ ਖੋਲ੍ਹਿਆ ਗਿਆ ਜਿਸ ਸਮੇਂ ਪਾਣੀ 1163 ਫੁੱਟ ’ਤੇ ਸੀ ਜਿਸ ਨੂੰ ਬਾਅਦ ਦੁਪਹਿਰ 3.05 ਵਜੇ ਗੇਟ ਬੰਦ ਕੀਤਾ ਗਿਆ ਜਿਸ ਸਮੇਂ ਪਾਣੀ ਦਾ ਪੱਧਰ 1162.70 ਫੁੱਟ ਸੀ। ਸਾਢੇ ਚਾਰ ਸਮੇਂ ਇੱਕ ਗੇਟ ਖੋਲ੍ਹਣ ਦੇ ਬਾਵਜੂਦ ਸਿਰਫ਼ 6 ਇੰਚ ਪਾਣੀ ਹੀ ਘਟ ਸਕਿਆ ਹੈ। ਇਸ ਤੋਂ ਇਲਾਵਾ ਪਿੱਛੋਂ ਹੋਰ ਪਾਣੀ ਦੇ ਆਉਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੇ ਰੈਗੂਲੇਟਰੀ ਐੱਂਡ ’ਤੇ ਸਥਿਤ ਫਲੱਡ ਗੇਟ ’ਤੇ 24 ਘੰਟੇ ਸੀਸੀਟੀਵੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਐਤਵਾਰ ਤੋਂ ਚੰਡੀਗੜ੍ਹ, ਪੰਚਕੂਲਾ ਅਤੇ ਹੋਰ ਆਲੇ-ਦੁਆਲੇ ਦੇ ਇਲਾਕੇ ਵਿੱਚ ਪਏ ਤੇਜ਼ ਮੀਂਹ ਕਾਰਨ ਪਾਣੀ ਦਾ ਪੱਧਰ ਵਧ ਗਿਆ ਜਿਸ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਸੁਖਨਾ ਝੀਲ ਦੇ ਆਲੇ-ਦੁਆਲੇ ਸਥਿਤ ਇਲਾਕੇ ਵਿੱਚ ਅਨਾਊਂਸਮੈਂਟ ਕਰਦਿਆਂ ਅਲਰਟ ਜਾਰੀ ਕੀਤਾ ਜਿਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਫਲੱਡ ਗੇਟ ਖੋਲ੍ਹ ਦਿੱਤੇ ਗਏ।
ਸਵਾ ਮਹੀਨੇ ’ਚ ਤੀਜੀ ਵਾਰ ਖੁੱਲ੍ਹਿਆ ਫਲੱਡ ਗੇਟ
ਮੌਸਮ ਵਿਭਾਗ ਅਨੁਸਾਰ ਇਸ ਸਾਲ ਮੀਂਹ ਘੱਟ ਦਰਜ ਕੀਤੇ ਜਾ ਰਹੇ ਹਨ ਪਰ ਸੁਖਨਾ ਝੀਲ ਵਿੱਚ ਲਗਾਤਾਰ ਪਾਣੀ ਵਧਣ ਕਾਰਨ ਸਵਾ ਮਹੀਨੇ ਵਿੱਚ ਤੀਜੀ ਵਾਰ ਫਲੱਟ ਗੇਟ ਖੋਲ੍ਹਿਆ ਗਿਆ ਹੈ। ਇਸ ਤੋਂ ਪਹਿਲਾਂ 9 ਅਤੇ 14 ਅਗਸਤ ਨੂੰ ਫਲੱਡ ਗੇਟ ਖੋਲ੍ਹੇ ਗਏ ਸਨ। ਉਸ ਸਮੇਂ ਪਾਣੀ 1162.7 ’ਤੇ ਸੀ ਜਦੋਂਕਿ ਹੁਣ ਪਾਣੀ 1163 ਫੁੱਟ ’ਤੇ ਪਹੁੰਚ ਗਿਆ। ਦੱਸਣਯੋਗ ਹੈ ਕਿ ਸਾਲ 2020 ’ਚ ਪਾਣੀ ਦਾ ਪੱਧਰ ਵਧਣ ਕਰਕੇ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਸਨ ਜਦਕਿ ਇਸ ਤੋਂ ਪਹਿਲਾਂ ਸਾਲ 2018 ਵਿੱਚ ਫਲੱਟ ਗੇਟ ਖੋਲ੍ਹੇ ਸਨ।
ਹਰ ਥਾਂ ’ਤੇ ਪ੍ਰਸ਼ਾਸਨ ਰਿਹਾ ਚੌਕਸ
ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ 24 ਘੰਟੇ ਲਈ ਐੱਸਡੀਓ ਰੈਂਕ ਦੇ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ। ਇਸ ਦੌਰਾਨ ਫਲੱਡ ਗੇਟ ਖੋਲ੍ਹਣ ’ਤੇ ਸੁਖਨਾ ਚੋਅ ਦੇ ਹਰ ਪੁਲ ’ਤੇ ਪੀਸੀਆਰ ਦੀ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਇਸ ਦੌਰਾਨ ਸੁਖਨਾ ਰੈਗੂਲੇਟਰੀ ਐਂਡ, ਮਨੀਮਾਜਰਾ ਪੁੱਲ, ਇੰਡਸਟਰੀਅਲ ਏਰੀਆ ਸ਼ਮਸ਼ਾਨਘਾਟ ਕੋਲੋਂ ਲੰਘਦੇ ਪੁਲ ਸਣੇ ਸਾਰੀਆਂ ਥਾਵਾਂ ’ਤੇ ਮੁਲਾਜ਼ਮ ਤਾਇਨਾਤ ਕੀਤੇ ਹਨ ਜੋ ਪਾਣੀ ਦੀ ਰਫ਼ਤਾਰ ਨੂੰ ਧਿਆਨ ’ਚ ਰੱਖਦਿਆਂ ਲੋਕਾਂ ਨੂੰ ਜੰਗਲ ਦੇ ਇਲਾਕੇ ਵਿੱਚ ਜਾਣ ਤੋਂ ਰੋਕ ਰਹੇ ਸਨ।