ਹਰਜੀਤ ਸਿੰਘ
ਡੇਰਾਬੱਸੀ, 24 ਨਵੰਬਰ
ਜੁਆਇੰਟ ਐਕਸ਼ਨ ਕਮੇਟੀ ਦੀ ਮਿਹਨਤ ਮਗਰੋਂ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇਚਰ ਪਾਰਕਾਂ ਵੱਲ ਜੰਗਲਾਤ ਵਿਭਾਗ ਨੇ ਝਾਤੀ ਮਾਰੀ ਹੈ। ਜੰਗਲਾਤ ਵਿਭਾਗ ਵੱਲੋਂ ਨੇਚਰ ਪਾਰਕਾਂ ਦੀ ਸਾਫ਼ ਸਫ਼ਾਈ ਦਾ ਕੰਮ ਆਰੰਭਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਡੇਰਾਬੱਸੀ ਦੇ ਨੇਚਰ ਪਾਰਕਾਂ ਦਾ ਮੁੱਦਾ ਚੁੱਕਿਆ ਗਿਆ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਇਥੇ ਖਰਚ ਹੋਏ ਪੈਸੇ ਅਤੇ ਦੇਖਰੇਖ ਲਈ ਜ਼ਿੰਮੇਵਾਰ ਅਦਾਰੇ ਬਾਰੇ ਸੂਚਨਾ ਦੇ ਅਧਿਕਾਰ ਤਹਿਤ ਆਰਟੀਆਈ ਰਾਹੀਂ ਸੂਚਨਾ ਮੰਗੀ ਗਈ ਸੀ, ਜਿਸ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਪਾਰਕਾਂ ਨੂੰ ਜੰਗਲਾਤ ਵਿਭਾਗ ਦੇ ਜੰਗਲੀ ਖੇਤਰ ਵਿੱਚ ਨਗਰ ਕੌਂਸਲ ਵੱਲੋਂ ਤਿਆਰ ਕਰਵਾਇਆ ਗਿਆ ਸੀ ਪਰ ਲੰਮੇ ਸਮੇਂ ਤੋਂ ਜੰਗਲਾਤ ਵਿਭਾਗ ਵੱਲੋਂ ਨਗਰ ਕੌਂਸਲ ਡੇਰਾਬੱਸੀ ਤੋਂ ਪਾਰਕਾਂ ਦੀ ਦੇਖਰੇਖ ਲਈ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੌਂਸਲ ਵੱਲੋਂ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਮਨਪ੍ਰੀਤ ਸਿੰਘ ਅਤੇ ਰੇਂਜ ਅਫਸਰ ਡੇਰਾਬੱਸੀ ਸੁਖਮਿੰਦਰ ਸਿੰਘ ਨੂੰ ਕਈ ਵਾਰ ਮਿਲੇ ਜਿਨ੍ਹਾਂ ਵੱਲੋਂ ਹੁਣ ਆਪਣੇ ਪੱਧਰ ’ਤੇ ਇਨ੍ਹਾਂ ਪਾਰਕਾਂ ਦੀ ਸਫ਼ਾਈ ਸ਼ੁਰੂ ਕਰਵਾਈ ਗਈ ਹੈ। ਡੇਰਾਬੱਸੀ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਸੁਖਮਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਨੇਚਰ ਪਾਰਕਾਂ ਦੀ ਸਾਫ਼ ਸਫ਼ਾਈ ਸ਼ੁਰੂ ਕਰਵਾਈ ਗਈ ਹੈ, ਜਿਸਦਾ ਕੰਮ ਆਉਣ ਵਾਲੇ ਹਫ਼ਤੇ ਵਿੱਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰਾਰ ਮੁਤਾਬਕ ਪਾਰਕਾਂ ਦੀ ਦੇਖਰੇਖ ਲਈ ਫੰਡ ਨਗਰ ਕੌਂਸਲ ਨੇ ਜਾਰੀ ਕਰਨੇ ਸੀ, ਜੋ ਵਾਰ ਵਾਰ ਚਿੱਠੀ ਲਿਖਣ ’ਤੇ ਜਾਰੀ ਨਹੀਂ ਕਰ ਰਹੇ।