ਸਿੱਧੂ ਨੇ ਪੰਚਾਇਤ ਨੂੰ ਗਰਾਂਟ ਦਾ ਚੈੱਕ ਸੌਂਪਿਆ
ਪੱਤਰ ਪ੍ਰੇਰਕ
ਬਨੂੜ, 16 ਸਤੰਬਰ
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਜ਼ਦੀਕੀ ਪਿੰਡ ਪੱਤੋਂ ਵਿਖੇ 32 ਲੱਖ ਦੀ ਲਾਗਤ ਨਾਲ ਬਣਨ ਵਾਲੀ ਫ਼ਿਰਨੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਵਾਲਮੀਕ ਭਵਨ ਦੀ ਉਸਾਰੀ ਲਈ 17.50 ਲੱਖ ਦੀ ਗਰਾਂਟ ਦਾ ਚੈੱਕ ਸਰਪੰਚ ਦੇ ਪਤੀ ਲਖਮੀਰ ਸਿੰਘ ਕਾਲਾ ਨੂੰ ਸੌਂਪਿਆ।
ਇਸ ਮੌਕੇ ਸਿਹਤ ਮੰਤਰੀ ਸਿੱਧੂ ਨੇ ਪੰਜਾਬ ਸਰਕਾਰ ਦੀ ਸਕੀਮਾਂ ਅਤੇ ਉਨ੍ਹਾਂ ਵੱਲੋਂ ਮੁਹਾਲੀ ਹਲਕੇ ਵਿੱਚ ਕੀਤੇ ਗਏ ਕੰਮ ਗਿਣਾਏ। ਉਨ੍ਹਾਂ ਕਿਹਾ ਕਿ ਹਲਕੇ ਦੇ ਸਮੁੱਚੇ ਪਿੰਡਾਂ ਦਾ ਪਹਿਲ ਦੇ ਆਧਾਰ ਤੇ ਵਿਕਾਸ ਯਕੀਨੀ ਬਣਾਇਆ ਗਿਆ ਹੈ ਤੇ ਰਹਿੰਦੇ ਕੰਮਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਾਰਿਆਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਵੀ ਪ੍ਰੇਰਿਆ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਰੁਪਿੰਦਰ ਕੌਰ, ਸਾਬਕਾ ਸਰਪੰਚ ਕੁਲਵੰਤ ਸਿੰਘ, ਹਰਵਿੰਦਰ ਸਿੰਘ ਬਿੱਲਾ, ਹਰਿੰਦਰ ਜਗੀਰਦਾਰ, ਬਲਬੀਰ ਸਿੰਘ, ਬਿੱਟੂ ਸਿੰਘ, ਜਸਵੀਰ ਸਿੰਘ ਸੇਵਾਮੁਕਤ ਜੱਜ, ਮੁਖਤਿਆਰ ਸਿੰਘ ਸਾਬਕਾ ਐਸਡੀਓ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਜਸਵਿੰਦਰ ਕੌਰ ਦੁਰਾਲੀ ਅਤੇ ਲੇਬਰਫੈੱਡ ਪੰਜਾਬ ਦੇ ਉੱਪ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ ਹਾਜ਼ਰ ਸਨ।
ਕੈਪਸ਼ਨ; ਪਿੰਡ ਪੱਤੋਂ ਵਿੱਚ ਪੰਚਾਇਤ ਨੂੰ ਗਰਾਂਟ ਦਾ ਚੈੱਕ ਸੌਂਪਦੇ ਹੋਏ ਬਲਬੀਰ ਸਿੰਘ ਸਿੱਧੂ। -ਫੋਟੋ: ਚਿੱਲਾ