ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਜੁਲਾਈ
ਸਰਕਾਰੀ ਪ੍ਰਾਇਮਰੀ ਸਕੂਲ ਕੁੰਭੜਾ ਵਿੱਚ ਪੜ੍ਹਦੇ 550 ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਪੀੜਤ ਮਾਪਿਆਂ ਨੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਮਨਜੀਤ ਸਿੰਘ ਅਤੇ ਗੁਰਚਰਨ ਸਿੰਘ ਨੂੰ ਕਾਨੂੰਨੀ ਚਾਰਾਜੋਈ ਲਈ ਅਧਿਕਾਰਤ ਕੀਤਾ ਹੈ। ਕੁੰਭੜਾ ਨੇ ਪਿਛਲੀ ਤਰੀਕ ’ਤੇ ਅਦਾਲਤ ਵਿੱਚ ਪੇਸ਼ ਹੋ ਕੇ ਧਿਰ ਬਣਨ ਦੀ ਬੇਨਤੀ ਕੀਤੀ ਸੀ। ਹਾਲਾਂਕਿ ਪਹਿਲਾਂ ਅਦਾਲਤ ਨੇ ਉਨ੍ਹਾਂ ਨੂੰ ਸੁਣਨ ਤੋਂ ਮਨਾਂ ਕਰ ਦਿੱਤਾ ਸੀ ਪਰ ਹੁਣ ਬੱਚਿਆਂ ਦੇ ਮਾਪਿਆਂ ਨੇ ਇਹ ਕੇਸ ਲੜਨ ਲਈ ਉਨ੍ਹਾਂ (ਬਲਵਿੰਦਰ) ਨੂੰ ਅਧਿਕਾਰ ਦਿੱਤੇ ਹਨ। ਬਲਵਿੰਦਰ ਨੇ ਆਪਣੇ ਵਕੀਲ ਅਜੈ ਮਹਿਰਾ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰਬਖ਼ਸ਼ ਸਿੰਘ ਨਾਂ ਦੇ ਵਿਅਕਤੀ ਨੇ ਕਾਫ਼ੀ ਅਰਸਾ ਪਹਿਲਾਂ ਸਕੂਲ ਨੂੰ ਜ਼ਮੀਨ ਦਾਨ ਦਿੱਤੀ ਸੀ। ਪੰਚਾਇਤੀ ਮਤੇ ’ਤੇ ਦਸਖ਼ਤ ਕਰਨ ਵਾਲੇ ਦੋ ਪੰਚ ਵੀ ਸਰਕਾਰੀ ਗਵਾਹ ਬਣਨ ਨੂੰ ਤਿਆਰ ਹਨ। ਲੇਕਿਨ ਜ਼ਮੀਨ ਦਾ ਰਿਕਾਰਡ ਉਪਲਬਧ ਨਾ ਹੋਣ ਕਾਰਨ ਦਿੱਕਤਾਂ ਆ ਰਹੀਆਂ ਹਨ। ਸ੍ਰੀ ਕੁੰਭੜਾ ਨੇ ਦੱਸਿਆ ਕਿ ਮੇਅਰ ਜੀਤੀ ਸਿੱਧੂ ਪੰਚਾਇਤ ਸਕੱਤਰ ਨੂੰ ਸਬੰਧਤ ਰਿਕਾਰਡ ਜਮ੍ਹਾ ਕਰਵਾਉਣ ਲਈ ਪੱਤਰ ਲਿਖਿਆ ਗਿਆ। ਡੀਡੀਪੀਓ ਨੇ ਬੀਡੀਪੀਓ ਨੂੰ ਗਰਾਮ ਪੰਚਾਇਤ ਕੁੰਭੜਾ ਦਾ ਰਿਕਾਰਡ ਨਗਰ ਨਿਗਮ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਕੁੰਭੜਾ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪੰਚਾਇਤ ਸਕੱਤਰ ਹੁਣ ਤੱਕ ਸਾਰਾ ਰਿਕਾਰਡ ਆਪਣੇ ਕੋਲ ਰੱਖੀ ਬੈਠਾ ਹੈ।
ਜਾਣਕਾਰੀ ਅਨੁਸਾਰ ਦਾਨੀ ਸੱਜਣ ਦੇ ਵਾਰਸਾਂ ਨੇ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਕੁੰਭੜਾ ਵਿੱਚ ਬੱਚਿਆਂ ਦੀ ਗਿਣਤੀ ਵਧਣ ਕਾਰਨ ਦੋ ਸਕੂਲਾਂ ਦੀ ਲੋੜ ਸੀ। ਇਸ ਲਈ ਗੁਰਬਖ਼ਸ਼ ਸਿੰਘ ਨੇ ਤਰਸ ਦੇ ਆਧਾਰ ’ਤੇ ਗਰਾਮ ਪੰਚਾਇਤ ਨੂੰ ਆਰਜ਼ੀ ਤੌਰ ’ਤੇ ਉਕਤ ਜ਼ਮੀਨ ਦਿੱਤੀ ਸੀ ਲੇਕਿਨ ਹੁਣ ਸਿੱਖਿਆ ਵਿਭਾਗ ਅਤੇ ਅਧਿਆਪਕ ਨਾ ਤਾਂ ਜ਼ਮੀਨ ਵਾਪਸ ਕਰ ਰਹੇ ਹਨ ਅਤੇ ਨਾ ਹੀ ਕਿਰਾਇਆ ਦੇ ਰਹੇ ਹਨ। ਲਿਹਾਜ਼ਾ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਨੂੰ ਵਾਪਸ ਕੀਤੀ ਜਾਵੇ। ਸਕੂਲ ਮੁਖੀ ਸੁਖਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਇੱਥੇ ਗਰੀਬ ਵਰਗ ਨਾਲ ਸਬੰਧਤ 491 ਬੱਚੇ ਪੜ੍ਹਦੇ ਸਨ ਪ੍ਰੰਤੂ ਹੁਣ ਬੱਚਿਆਂ ਦੀ ਦਾਖ਼ਲਾ ਦਰ ਵਧ ਕੇ 550 ਹੋ ਗਈ ਹੈ। ਜੇਕਰ ਇਹ ਜ਼ਮੀਨ ਵਾਰਸਾਂ ਨੂੰ ਵਾਪਸ ਚਲੀ ਜਾਂਦੀ ਹੈ ਤਾਂ ਇਹ ਗਰੀਬ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 17 ਅਗਸਤ ਦਾ ਦਿਨ ਨਿਸ਼ਚਿਤ ਕੀਤਾ ਹੈ। ਪੰਚਾਇਤ ਸਕੱਤਰ ਜਸਵੀਰ ਸਿੰਘ ਨੇ ਦੱਸਿਆ ਕਿ ਸਬੰਧਤ ਰਿਕਾਰਡ ਮੇਅਰ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੇ ਪੀਏ ਨੂੰ ਸੌਂਪ ਦਿੱਤਾ ਹੈ।