ਮੁਕੇਸ਼ ਕੁਮਾਰ
ਚੰਡੀਗੜ੍ਹ, 12 ਜੂਨ
ਚੰਡੀਗੜ੍ਹ ਦੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਆਸਪਾਸ ਦੇ ਇਲਾਕਾ ਵਾਸੀਆਂ ਲਈ ਕਿਸੇ ਸੰਤਾਪ ਤੋਂ ਘੱਟ ਨਹੀਂ। ਇਲਾਕਾ ਵਾਸੀ ਡੰਪਿੰਗ ਗਰਾਉਂਡ ਦੇ ਕੂੜੇ ਕਾਰਨ ਪਹਿਲਾਂ ਹੀ ਕਈ ਸਮੱਸਿਆਵਾਂ ਦਾ ਸਮਾਣਾ ਕਰ ਰਹੇ ਸਨ। ਲੰਘੀ ਰਾਤ ਤੇਜ਼ ਹਵਾਵਾਂ ਨਾਲ ਪਏ ਮੀਂਹ ਦੌਰਾਨ ਡੰਪਿੰਗ ਗਰਾਊਂਡ ਦਾ ਕੂੜਾ ਪਾਣੀ ’ਚ ਤੈਰ ਕੇ ਨਾਲ ਲਗਦੀ ਕਲੋਨੀ ’ਚ ਲੋਕਾਂ ਦੇ ਘਰਾਂ ਤੱਕ ਪਹੁਂਚ ਗਿਆ। ਗਿੱਲੇ ਕੂੜੇ ਤੇ ਗੰਦੇ ਪਾਣੀ ਕਾਰਨ ਇਲਾਕੇ ਵਿੱਚ ਬਦਬੂ ਫੈਲ ਗਈ ਹੈ। ਕੂੜੇ ਤੇ ਪਾਣੀ ਦੀ ਬਦਬੂ ਨਾਲ ਕਈ ਲੋਕਾਂ ਦੀ ਸਿਹਤ ਖ਼ਰਾਬ ਹੋਣ ਦੀ ਖਬਰ ਹੈ। ਡੱਡੂ ਮਾਜਰਾ ਵਾਸੀ ਪਿਛਲੇ ਲੰਬੇ ਸਮੇਂ ਤੋਂ ਇੱਥੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਦੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਤਰਲੋਮੱਛੀ ਹੋ ਰਹੇ ਹਨ।
ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਸਿੰਘ ਦੱਸਿਆ ਕਿ ਕਹਿਣ ਨੂੰ ਤਾਂ ਡੱਡੂ ਮਾਜਰਾ ਦਾ ਇਲਾਕਾ ‘ਸਿਟੀ ਬਿਊਟੀਫੁਲ’ ਸ਼ਹਿਰ ਚੰਡੀਗੜ੍ਹ ਦੇ ਅਧੀਨ ਆਉਂਦਾ ਹੈ, ਪਰ ਇਥੋਂ ਦੇ ਲੋਕ ਡੰਪਿੰਗ ਗਰਾਊਂਡ ਤੇ ਇਲਾਕੇ ਦੀ ਮਾੜੀ ਸਫ਼ਾਈ ਵਿਵਸਥਾ ਕਾਰਨ ਨਰਕ ਭੋਗਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਉਹ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਪ੍ਰਸ਼ਾਸਕ ਸਣੇ ਇਥੋਂ ਦੀ ਸੰਸਦ ਮੈਂਬਰ ਤੇ ਨਗਰ ਨਿਗਮ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਸਮੱਸਿਆ ਦੇ ਹੱਲ ਲਈ ਅਰਜੋਈ ਕਰ ਚੁੱਕੇ ਹਨ ਪਰ ਅੱਜ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਤੇ ਲੋਕਾਂ ਨੂੰ ਗੰਦਗੀ ਭਰੇ ਮਾਹੌਲ ਨਾਲ ਬਿਮਾਰੀਆਂ ਨਾਲ ਵੀ ਦੋ ਚਾਰ ਹੋਣਾ ਪੈ ਰਿਹਾ ਹੈ। ਅੱਜ ਡੰਪਿੰਗ ਗਰਾਊਂਡ ਦੇ ਕੂੜੇ ਦਾ ਰਿਹਾਇਸ਼ੀ ਕਲੋਨੀ ਵਿੱਚ ਆ ਜਾਣ ਨੂੰ ਲੈ ਕੇ ਡੱਡੂ ਮਾਜਰਾ ਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਡੰਪਿੰਗ ਗਰਾਊਂਡ ਦੇ ਕੂੜੇ ਤੋਂ ਮੁਕਤੀ ਦਿਲਵਾਉਣ ਦੀ ਮੰਗ ਕੀਤੀ। ਇਸ ਮੌਕੇ ਡੱਡੂ ਮਾਜਰਾ ਵਾਸੀਆਂ ਨੇ ਦੱਸਿਆ ਜਦੋਂ ਮੀਂਹ ਪੈਂਦਾ ਹੈ ਤਾਂ ਡੰਪਿੰਗ ਗਰਾਊਂਡ ਦਾ ਕੂੜਾ ਪਾਣੀ ਨਾਲ ਰੁੜ੍ਹ ਕੇ ਰਿਹਾਇਸ਼ੀ ਇਲਾਕਿਆਂ ਵਿੱਚ ਆ ਜਾਂਦਾ ਹੈ ਤੇ ਕੂੜੇ ਦੀ ਬਦਬੂ ਫੈਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਵੀ ਆਏ ਤੇਜ਼ ਮੀਂਹ ਤੋਂ ਬਾਅਦ ਡੰਪਿੰਗ ਗਰਾਊਂਡ ਦਾ ਕੂੜਾ ਮੀਂਹ ਨਾਲ ਰੁੜ੍ਹ ਕੇ ਰਿਹਾਇਸ਼ੀ ਕਲੋਨੀ ਵਿੱਚ ਆ ਗਿਆ। ਉਨ੍ਹਾਂ ਦੱਸਿਆ ਕਿ ਡੰਪਿੰਗ ਗਰਾਊਂਡ ਤੇ ਨਾਲ ਲੱਗਦੀ ਰਿਹਾਇਸ਼ੀ ਕਲੋਨੀ ਦਰਮਿਆਨ ਬਣਾਈ ਗਈ ਦੀਵਾਰ ਟੁੱਟ ਚੁੱਕੀ ਹੈ, ਜਿਸ ਨਾਲ ਡੰਪਿੰਗ ਗਰਾਊਂਡ ਦਾ ਕੂੜਾ ਤੇ ਗੰਦਾ ਪਾਣੀ ਕਲੋਨੀ ਵਿੱਚ ਜਾ ਜਾਂਦਾ ਹੈ। ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਣ ਨੇ ਚੰਡੀਗੜ੍ਹ ਨਗਰ ਨਿਗਮ ਦੇ ਸੈਨੀਟੇਸ਼ਨ ਵਿੰਗ ਦੀ ਕਾਰਗੁਜਾਰੀ ’ਤੇ ਅਫ਼ਸੋਸ ਪ੍ਰਗਟਾਇਆ ਤੇ ਦੱਸਿਆ ਕਿ ਲੰਘੀ ਰਾਤ ਕਲੋਨੀ ਦੀਆਂ ਸੜਕਾਂ ’ਚ ਆਏ ਕੂੜੇ ਤੇ ਗੰਦੇ ਪਾਣੀ ਨੂੰ ਲੋਕਾਂ ਨੇ ਆਪ ਸਫ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਗਰ ਨਿਗਮ ਵੱਲੋਂ ਕੋਈ ਨਹੀਂ ਬਹੁੜਿਆ। ਦਿਆਲ ਕ੍ਰਿਸ਼ਣ ਨੇ ਕਿਹਾ ਦੀ ਨਗਰ ਨਿਗਮ ਦਾ ਸੈਨੀਟੇਸ਼ਨ ਵਿੰਗ ‘ਸਵੱਛ ਭਾਰਤ’ ਦੇ ਨਾਂ ’ਤੇ ਸ਼ਹਿਰ ਲਈ ਕਰੋੜਾਂ ਰੁਪਏ ਖਰਚ ਰਿਹਾ ਹੈ ਪਰ ਇਹ ਪੈਸਾ ਕਿੱਥੇ ਖਰਚ ਹੋ ਰਿਹਾ ਹੈ, ਸਮਝ ਤੋਂ ਦੂਰ ਹੈ। ਉਨ੍ਹਾਂ ਕਿਹਾ ਕਿ ਡੱਡੂ ਮਾਜਰਾ ਦਾ ਸਫਾਈ ਦੇ ਮਾਮਲੇ ’ਚ ਤਾਂ ਭੈੜਾ ਹਾਲ ਹੈ ਹੀ, ਦੂਜੇ ਪਾਸੇ ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਨਗਰ ਨਿਗਮ ਦੇ ਅਧਿਕਰੀਆਂ ਦੀ ਕਾਰਗੁਜਾਰੀ ’ਤੇ ਸਵਾਲੀਆ ਨਿਸ਼ਾਨ ਲਾ ਰਹੀ ਹੈ।
ਉਧਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਡੰਪਿੰਗ ਗਰਾਊਂਡ ਦੇ ਕੂੜੇ ਦੇ ਨਿਪਟਾਰੇ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਡੱਡੂ ਮਾਜਰਾ ਦੇ ਰਿਹਾਇਸ਼ੀ ਇਲਾਕੇ ’ਚ ਡੰਪਿੰਗ ਗਰਾਊਂਡ ਦੇ ਕੂੜੇ ਦੀ ਸਮਸਿਆ ਨੂੰ ਲੈ ਕੇ ਦੱਸਿਆ ਕਿ ਡੰਪਿੰਗ ਗਰਾਊਂਡ ਦੁਆਲੇ ਉੱਚੀ ਦੀਵਾਰ ਬਣਾਉਣ ਸਬੰਧੀ ਟੈਂਡਰ ਹੋ ਚੁੱਕਾ ਹੈ।
ਮੀਂਹ ਨੇ ਦਿਵਾਈ ਰਾਹਤ, ਬਿਜਲੀ ਗੁੱਲ ਰਹਿਣ ਕਾਰਨ ਆਫਤ
ਚੰਡੀਗੜ੍ਹ (ਆਤਿਸ਼ ਗੁਪਤਾ) ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦੇਰ ਰਾਤ ਪਏ ਤੇਜ਼ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਕਈ ਦਿਨਾਂ ਤੋਂ ਪੈ ਰਹੀ ਅੱਤਿ ਦੀ ਗਰਮੀ ਤੋਂ ਰਾਹਤ ਦਵਾਈ ਹੈ। ਤੇਜ਼ ਮੀਂਹ ਤੇ ਹਨੇਰੀ ਕਰਕੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ। ਜੋ ਭਾਰੀ ਮੁਸ਼ੱਕਤ ਤੋਂ ਬਾਅਦ ਸਵੇਰੇ ਜਾ ਕੇ ਸ਼ੁਰੂ ਹੋ ਸਕੀ ਹੈ। ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਲੰਘੀ ਰਾਤ ਡੇਢ ਘੰਟੇ ਵਿੱਚ 47.2 ਐੱਮਐੱਮ ਮੀਂਹ ਦਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 16 ਜੂਨ ਤੱਕ ਰੋਜ਼ਾਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ।ਪਿਛਲੇ ਦੋ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਤੇਜ਼ ਹਵਾਵਾਂ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋ ਰਹੀ ਹੈ। ਕੁਝ ਸਮੇਂ ਬਾਅਦ ਮੌਸਮ ਵਿੱਚ ਆ ਰਹੇ ਬਦਲਾਅ ਕਰਕੇ ਮੀਂਹ ਦਾ ਆਨੰਦ ਵੀ ਮਾਣ ਰਹੇ ਹਨ। ਜਿਸ ਨਾਲ ਪਾਰਾ ਪੰਜ ਡਿਗਰੀ ਸੈਲਸੀਅਸ ਹੇਠਾਂ ਡਿੱਘ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ 34.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜੋ ਆਮ ਨਾਲੋਂ 5 ਡਿਗਰੀ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 21.2 ਡਿਗਰੀ ਸੈਲੀਸਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 4 ਡਿਗਰੀ ਘੱਟ ਸੀ। ਉੱਧਰ 30 ਤੋਂ 40 ਕਿੱਲੋਂ ਮੀਟਰ ਪ੍ਰਤੀ ਘੰਟੇ ਦੀਆਂ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨੇ ਲੋਕਾਂ ਦੀ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ। ਸ਼ਹਿਰ ਵਿੱਚ ਪਏ ਡੇਢ ਘੰਟੇ ਦੇ ਮੀਂਹ ਕਰਕੇ ਸ਼ਹਿਰ ਪਾਣੀ-ਪਾਣੀ ਹੋ ਗਿਆ। ਦੂਜੇ ਪਾਸੇ ਦੇਰ ਰਾਤ ਰਾਮਦਰਬਾਰ, ਮਨੀਮਾਜਰਾ, ਬੁੜ੍ਹੈਲ, ਸੈਕਟਰ-38, 41, 45 ਅਤੇ 47 ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ। ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਬਿਜਲੀ ਆਉਂਦੀ ਸੀ ਅਤੇ ਮੁੜ ਚਲੀ ਜਾਂਦੀ ਸੀ। ਸੈਕਟਰ-39 ਰੈਜੀਡੇਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਨੇ ਕਿਹਾ ਕਿ ਰੋਜ਼ਾਨਾ ਰਾਤ ਸਮੇਂ ਇਕ ਘੰਟਾ ਬਿਜਲੀ ਕੱਟ ਲਗ ਰਿਹਾ ਹੈ। ਜਦੋਂਕਿ ਮੀਂਹ ਆਉਣ ’ਤੇ ਬਿਜਲੀ ਚਲੀ ਚਲੀ ਜਾਂਦੀ ਹੈ। ਜਿਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ।