ਆਤਿਸ਼ ਗੁਪਤਾ
ਚੰਡੀਗੜ੍ਹ, 26 ਸਤੰਬਰ
ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 96 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਹੈ। ਪਾਣੀ ਦਾ ਪੱਧਰ ਵਧਦਾ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਇਕ ਫਲੱਡ ਗੇਟ ਨੂੰ 4 ਇੰਚ ਲਈ ਖੋਲ੍ਹ ਦਿੱਤਾ ਹੈ। ਅੱਜ ਸੁਖਨਾ ਝੀਨ ਵਿੱਚ ਪਾਣੀ ਦਾ ਪੱਧਰ 1163.30 ਫੁੱਟ ’ਤੇ ਪਹੁੰਚ ਗਿਆ ਹੈ, ਜਦੋਂਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਇਹ ਫਲੱਡ ਗੇਟ ਸੋਮਵਾਰ ਸਵੇਰੇ 10.30 ਵਜੇ ਖੋਲ੍ਹੇ ਗਏ, ਜਿਸ ਨੂੰ ਸਾਡੇ ਪੰਜ ਘੰਟੇ ਬਾਅਦ ਸ਼ਾਮ ਨੂੰ 4 ਵਜੇ ਬੰਦ ਕਰ ਦਿੱਤਾ। ਫਲੱਡ ਗੇਟ ਬੰਦ ਕਰਨ ਸਮੇਂ ਵੀ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਬਰਾਬਰ 1163 ਫੁੱਟ ਦਰਜ ਕੀਤਾ ਗਿਆ। ਸਿਟੀ ਬਿਊਟੀਫੁੱਲ ਤੇ ਆਲੇ-ਦੁਆਲੇ ਇਲਾਕੇ ’ਚ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ’ਚ ਵਾਰ-ਵਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਵਾਰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ 12 ਘੰਟੇ ਬਾਅਦ ਹੀ ਫਲੱਡ ਗੇਟ ਖੋਲ੍ਹ ਦਿੱਤੇ। ਲੰਘੇ ਦਿਨ ਬਾਅਦ ਦੁਪਹਿਰ 3.45 ਮਿੰਟ ’ਤੇ ਫਲੱਡ ਗੇਟ ਖੋਲ੍ਹੇ ਗਏ ਸਨ, ਜੋ ਕਿ ਐਤਵਾਰ ਰਾਤ ਨੂੰ 10 ਵਜੇ ਬੰਦ ਕੀਤੇ ਸੀ। ਇਸ ਸਾਲ ਸੋਮਵਾਰ ਨੂੰ ਛੇਵੀਂ ਵਾਰ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹਿਆ ਗਿਆ ਹੈ। ਇਸ ਨਾਲ ਪਾਣੀ ਸੀਮਤ ਮਾਤਰਾ ’ਚ ਵਹਿਣ ਕਾਰਨ ਸੁਖਨਾ ਚੋਅ ਦੇ ਆਲੇ ਦੁਆਲੇ ਇਲਾਕੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਮੌਕੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲੀਸ ਮੁਲਾਜ਼ਮ ਵੀ ਥਾਂ-ਥਾਂ ’ਤੇ ਤਾਇਨਾਤ ਰਹੇ। ਸੁਖਨਾ ਝੀਲ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਪੰਚਕੂਲਾ ਤੇ ਮੁਹਾਲੀ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਖਨਾ ਚੋਅ ਦੇ ਆਲੇ-ਦੁਆਲੇ ਇਲਾਕੇ ਵਿੱਚ ਲੋਕਾਂ ਨੂੰ ਸੂਚਨਾ ਦਿੱਤੀ ਤਾਂ ਜੋ ਕਿਸੇ ਜਾਨੀ ਨੁਕਸਾਨ ਦੇ ਹੋਣ ਤੋਂ ਬਚਾਇਆ ਜਾ ਸਕੇ।
24 ਘੰਟੇ ਲਈ ਤਾਇਨਾਤ ਕੀਤੇ ਅਧਿਕਾਰੀ
ਮੌਨਸੂਨ ਦੇ ਜਾਂਦੇ-ਜਾਂਦੇ ਵੱਧ ਮੀਂਹ ਪਾਉਣ ਕਰਕੇ ਸੁਖਨਾ ਝੀਲ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਪਾਣੀ ਦੇ ਪੱਧਰ ਨੂੰ ਵੱਧਦਾ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ 24 ਘੰਟੇ ਲਈ ਐੱਸਡੀਓ ਰੈਂਕ ਦੇ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ। ਜੋ ਕਿ ਤਿੰਨ ਸ਼ਿਫ਼ਟਾਂ ਵਿੱਚ ਕੰਮ ਕਰ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀ ਹਰ ਘੰਟੇ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਨੋਟ ਕਰ ਰਹੇ ਹਨ। ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸੀਸੀਟੀਵੀ ਕੈਮਰਿਆਂ ਰਾਹੀ ਵੀ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਫਲੱਡ ਲਾਈਟਾਂ ਅਤੇ ਸਾਉਂਡ ਸਿਸਟਮ ਦਾ ਵੀ ਪ੍ਰਬੰਧ ਕਰ ਲਿਆ ਹੈ। ਜਿਸ ਨਾਲ ਲੋੜ ਪੈਣ ’ਤੇ ਰਾਤ-ਸਵੇਰੇ ਲੋਕਾਂ ਨੂੰ ਸੂਚਿਤ ਕੀਤਾ ਜਾ ਸਕੇ।
ਚੰਡੀਗੜ੍ਹ ਟਰੈਫਿਕ ਪੁਲੀਸ ਨੇ ਅਲਰਟ ਜਾਰੀ ਕੀਤਾ
ਸੁਖਨਾ ਝੀਲ ਵਿੱਚ ਪਾਣੀ ਵੱਧਣ ਕਰਕੇ ਸੋਮਵਾਰ ਸਵੇਰੇ 10.30 ਵਜੇ ਇਕ ਫਲੱਡ ਗੇਟ ਨੂੰ ਖੋਲ੍ਹ ਦਿੱਤਾ ਜੋ ਕਿ ਸਾਢੇ 5 ਘੰਟੇ ਬਾਅਦ ਬੰਦ ਕੀਤਾ ਹੈ। ਇਸ ਦੌਰਾਨ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸ਼ਮਸ਼ਾਨਘਾਟ ਦੇ ਨਜ਼ਦੀਕ, ਮੱਖਣਮਾਜਰਾ, ਬਾਪੂ ਧਾਮ ਕਲੋਨੀ ਦੇ ਪਿਛਲੇ ਪਾਸੇ ਸਥਿਤ ਬ੍ਰਿਜ ਅਤੇ ਕਿਸ਼ਨਗੜ੍ਹ ਵਾਲਾ ਬ੍ਰਿਜ ਵਾਲੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਸੜਕਾਂ ਦੇ ਪਾਣੀ ਵਿੱਚ ਡੁੱਬਣ ਕਰਕੇ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੁਰੰਤ ਅਲਰਟ ਜਾਰੀ ਕੀਤਾ। ਪੁਲੀਸ ਨੇ ਨਾਕਾਬੰਦੀ ਕਰਕੇ ਵੀ ਪਾਣੀ ਵਿੱਚ ਡੁੱਬੀਆਂ ਸੜਕਾਂ ਨੂੰ ਬੰਦ ਕਰਕੇ ਰਾਹਗੀਰਾਂ ਲਈ ਬਦਲਵੇ ਪ੍ਰਬੰਧ ਕੀਤੇ।