ਪੱਤਰ ਪ੍ਰੇਰਕ
ਘਨੌਲੀ, 18 ਜਨਵਰੀ
ਪੁਲੀਸ ਚੌਕੀ ਭਰਤਗੜ੍ਹ ਅਧੀਨ ਪੈਂਦੇ ਪਿੰਡ ਗਾਜ਼ੀਪੁਰ ਦੀ ਮਹੀਨਾ ਕੁ ਪਹਿਲਾਂ ਵਿਆਹੀ ਲੜਕੀ ਅੱਜ ਸਵੇਰੇ ਭਾਖੜਾ ਨਹਿਰ ਵਿੱਚ ਰੁੜ੍ਹ ਗਈ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਨੂੰ ਲਿਖਵਾਈ ਰਿਪੋਰਟ ਅਨੁਸਾਰ ਮਨਜੀਤ ਕੌਰ (28) ਪੁੱਤਰੀ ਕ੍ਰਿਸ਼ਨ ਲਾਲ ਵਾਸੀ ਗਾਜ਼ੀਪੁਰ ਦਾ 13 ਦਸੰਬਰ 2021 ਨੂੰ ਪਿੰਡ ਸਨੇੜ੍ਹ (ਹਿਮਾਚਲ ਪ੍ਰਦੇਸ਼) ਦੇ ਸੁਮਨ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਹ ਪਰਸੋਂ ਹੀ ਆਪਣੇ ਮਾਪਿਆਂ ਨੂੰ ਮਿਲਣ ਪੇਕੇ ਘਰ ਆਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਮਨਜੀਤ ਕੌਰ ਘਰੋਂ ਮੱਛੀਆਂ ਨੂੰ ਆਟਾ ਪਾਉਣ ਲਈ ਪਿੰਡ ਦੇ ਨੇੜੇ ਹੀ ਸਥਿਤ ਭਾਖੜਾ ਨਹਿਰ ਵੱਲ ਗਈ ਸੀ ਤੇ ਅਚਾਨਕ ਪੈਰ ਫਿਸਲਣ ਕਾਰਨ ਉਹ ਨਹਿਰ ਵਿੱਚ ਡਿੱਗ ਗਈ। ਮੌਕੇ ’ਤੇ ਮੌਜੂਦ ਸੈਰ ਕਰ ਰਹੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ। ਪੁਲੀਸ ਵੱਲੋਂ ਵੀ ਪਰਿਵਾਰਕ ਮੈਂਬਰਾਂ , ਰਿਸ਼ਤੇਦਾਰਾਂ ਤੇ ਗੋਤਾਖੋਰਾਂ ਦੀ ਮੱਦਦ ਨਾਲ ਭਾਖੜਾ ਨਹਿਰ ਵਿੱਚੋਂ ਲੜਕੀ ਦੀ ਤਲਾਸ਼ ਕੀਤੀ ਗਈ, ਪਰ ਪਾਣੀ ਦੀਆਂ ਲਹਿਰਾਂ ਵਿੱਚ ਲਾਪਤਾ ਹੋਈ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ।