ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 31 ਅਗਸਤ
ਪਿੰਡ ਸਹੌੜਾ ’ਚ ਦੋ ਧਿਰਾਂ ’ਚ ਹੋਈ ਲੜਾਈ ਤੇ ਲੜਕੀ ਦੀ ਫੋਟੋ ਪੰਜਾਬੀ ਗੀਤ ਨਾਲ ਅਟੈਚ ਕਰਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦਾ ਮਾਮਲਾ ਭਖ਼ ਗਿਆ ਹੈ। ਪੀੜਤ ਪਰਿਵਾਰ ਪਿਛਲੇ ਕਾਫੀ ਦਿਨਾਂ ਤੋਂ ਥਾਣੇ ’ਚ ਖੱਜਲ ਹੋ ਰਿਹਾ ਹੈ। ਮਾਮਲੇ ’ਚ ਸ਼ਿਕਾਇਤ ਕਰਤਾ ਧਿਰ ਦੇ ਅੱਧਾ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ ਸੀ। ਹਮਲਾਵਰਾਂ ਦੀ ਦਹਿਸ਼ਤ ਕਾਰਨ ਪੀੜਤ ਪਰਿਵਾਰ ਆਪਣਾ ਘਰ ਬਾਰ ਛੱਡ ਕੇ ਰਿਸ਼ਤੇਦਾਰੀ ’ਚ ਜਾ ਕੇ ਰਹਿਣ ਲਈ ਮਜਬੂਰ ਹੈ। ਪੀੜਤ ਪਰਿਵਾਰ ਨੇ ਹੁਣ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਇੱਥੇ ਪੱਤਰਕਾਰ ਸੰਮੇਲਨ ਦੌਰਾਨ ਜਸਪਾਲ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪੰਜ ਮਹੀਨੇ ਪਹਿਲਾਂ ਉਨ੍ਹਾਂ ਦੇ ਗੁਆਂਢ ’ਚ ਵਿਆਹ ਦੌਰਾਨ ਜਸਪ੍ਰੀਤ ਸਿੰਘ ਨੇ ਉਸ ਦੀ ਭਤੀਜੀ ਦੀ ਫੋਟੋ ਖਿੱਚ ਲਈ। ਜਿਸ ਨੂੰ ਉਸ ਨੇ ਪੰਜਾਬੀ ਗਾਇਕ ਬੱਬੂ ਮਾਨ ਦੇ ਗੀਤ ਨਾਲ ਅਟੈਚ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦੀ ਬਦਨਾਮੀ ਹੋਈ ਹੈ। ਜਸਪ੍ਰੀਤ ਨੇ ਆਪਣੀ ਆਈਡੀ ਤੋਂ ਇਸ ਪੋਸਟ ਨੂੰ ਅਪਲੋਡ ਕੀਤਾ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੰਚਾਇਤ ਨੇ ਫੈਸਲਾ ਕਰਵਾ ਦਿੱਤਾ ਪਰ ਕੁਝ ਦਿਨ ਬਾਅਦ ਨੌਜਵਾਨ ਨੇ ਉਸ ਦੀ ਭਤੀਜੀ ਨੂੰ ਗਲੀ ਵਿੱਚ ਰੋਕ ਕੇ ਪ੍ਰੇਸ਼ਾਨ ਕੀਤਾ। ਪੰਚਾਇਤ ਨੇ ਸਖ਼ਤੀ ਨਾਲ ਕਿਹਾ ਕਿ ਜੇ ਜਸਪ੍ਰੀਤ ਨੇ ਦੁਬਾਰਾ ਕੋਈ ਹਰਕਤ ਕੀਤੀ ਤਾਂ ਉਸ ਨੂੰ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ ਪਰ 22 ਅਗਸਤ ਨੂੰ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਪਿਤਾ ਪ੍ਰੇਮ ਸਿੰਘ, ਮਾਮਾ ਕੁਲਵੰਤ ਸਿੰਘ ਤੇ ਭਰਾ ਕੁਲਵਿੰਦਰ ਸਿੰਘ ਨੂੰ ਸੱਟਾਂ ਲੱਗੀਆਂ। ਇਸ ਸਬੰਧੀ ਸ਼ਿਕਾਇਤ ਲਏ ਕੇ ਖਰੜ ਸਦਰ ਥਾਣੇ ਗਏ ਪਰ ਪੁਲੀਸ ਨੇ ਕਰੋਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ।
ਏਐੱਸਆਈ ਕੁਲਵੰਤ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀ ਦੀ ਫੋਟੋ ਪੰਜਾਬੀ ਗੀਤ ਨਾਲ ਅਟੈਚ ਕਰਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦਾ ਮਾਮਲਾ ਕਪੁਰਾਣਾ ਹੈ, ਵੈਸੇ ਵੀ ਇਹ ਕੇਸ ਪੁਲੀਸ ਕੋਲ ਨਹੀਂ ਪਹੁੰਚਿਆ ਸੀ ਸਗੋਂ ਦੋਵਾਂ ਧਿਰਾਂ ਨੇ ਪੰਚਾਇਤ ’ਚ ਸਮਝੌਤਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ 22 ਅਗਸਤ ਨੂੰ ਹੋਏ ਝਗੜੇ ਸਬੰਧੀ ਪੁਲੀਸ ਨੇ ਐੱਮਐੱਲਆਰ ਮੁਤਾਬਕ 323 ਦੀ ਰਿਪੋਰਟ ਦਰਜ ਕਰ ਲਈ ਹੈ।
ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਉਧਰ, ਜਸਪ੍ਰੀਤ ਸਿੰਘ ਤੇ ਉਸ ਦੇ ਭਰਾ ਗੁਰਬਚਨ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਕਿ ਲੜਕੀ ਦੀ ਸੋਸ਼ਲ ਮੀਡੀਆ ’ਤੇ ਫੋਟੋ ਅਪਲੋਡ ਕਰਨ ਸਬੰਧੀ ਲੜਕੀ ਦੇ ਪਿਤਾ ਨਾਲ ਸਮਝੌਤਾ ਹੋ ਗਿਆ ਸੀ ਪਰ 22 ਅਗਸਤ ਨੂੰ ਜਸਪਾਲ ਸਿੰਘ ਤੇ ਉਸ ਦੇ ਸਾਥੀ ਜ਼ਬਰਦਸਤੀ ਉਨ੍ਹਾਂ ਦੇ ਘਰ ਦਾਖ਼ਲ ਹੋ ਗਏ ਤੇ ਪਰਿਵਾਰ ਦੀਆਂ ਔਰਤਾਂ ਨੂੰ ਕੁੱਟਿਆ। ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਔਰਤਾਂ ਦੀ ਕੁੱਟਮਾਰ ਸਬੰਧੀ ਉਨ੍ਹਾਂ ਕੋਲ ਵੀਡੀਓ ਤੇ ਫੋਟੋ ਹਨ।