ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 3 ਜੁਲਾਈ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ (ਗਮਾਡਾ) ਨੇ ਇੱਥੋਂ ਦੇ ਫੇਜ਼-11 ਸਥਿਤ ਐੱਲਆਈਜੀ ਰਿਹਾਇਸ਼ੀ ਬਲਾਕ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਪੌੜੀਆਂ ਦੇ ਨਾਲ ਲੱਗਦੀ ਸਰਕਾਰੀ ਥਾਂ ਦੇ ਦੋਵੇਂ ਪਾਸੇ ਗੇਟ ਲਾ ਕੇ ਰਸਤਾ ਬੰਦ ਕਰਨ ਅਤੇ ਪੌੜੀਆਂ ਦੇ ਹੇਠਲੀ ਥਾਂ ਵਿੱਚ ਲਗਾਏ ਵੱਖਰੇ ਗੇਟ ਨੂੰ ਤੋੜ ਦਾ ਯਤਨ ਕੀਤਾ, ਪਰ ਅਕਾਲੀ ਆਗੂ ਅਤੇ ਦੰਗਾ ਪੀੜਤਾਂ ਦੀ ਪ੍ਰਧਾਨ ਬੀਬੀ ਕਸ਼ਮੀਰ ਕੌਰ ਨੇ ਗਮਾਡਾ ਦੀ ਕਾਰਵਾਈ ਦਾ ਸਖ਼ਤ ਵਿਰੋਧ ਕਰ ਦਿੱਤਾ। ਉਧਰ ਮੌਕੇ ’ਤੇ ਪਹੁੰਚੀ ਸੋਸ਼ਲ ਵਰਕਰ ਸੋਨੀਆ ਸਿੱਧੂ ਨੇ ਵੀ ਗਮਾਡਾ ਟੀਮ ਨੂੰ ਖਰੀਆ-ਖਰੀਆ ਸੁਣਾਈਆਂ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਇਹ ਕਾਰਵਾਈ ਕਰਨ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਗਮਾਡਾ ਨੂੰ ਆਪਣੀ ਕਾਰਵਾਈ ਅੱਧ-ਵਿਚਾਲੇ ਹੀ ਰੋਕਣੀ ਪਈ। ਹਾਲਾਂਕਿ ਗਮਾਡਾ ਪੁਲੀਸ ਅਤੇ ਆਪਣੇ ਸੁਰੱਖਿਆ ਦਸਤੇ ਨਾਲ ਪਹੁੰਚੀ ਸੀ ਪਰ ਵਿਰੋਧ ਹੋਣ ਕਾਰਨ ਕਰਮਚਾਰੀਆਂ ਨੂੰ ਉੱਥੋਂ ਬੇਰੰਗ ਪਰਤਣਾ ਪਿਆ।
ਜਾਣਕਾਰੀ ਅਨੁਸਾਰ ਗਮਾਡਾ ਦੀ ਟੀਮ ਅੱਜ ਜਿਵੇਂ ਹੀ ਗੇਟ ਤੋੜਨ ਲੱਗੀ ਤਾਂ ਅਕਾਲੀ ਆਗੂ ਕਸ਼ਮੀਰ ਕੌਰ ਮੌਕੇ ’ਤੇ ਪਹੁੰਚ ਗਈ ਅਤੇ ਗਮਾਡਾ ਦੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਗਮਾਡਾ ਦੇ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਅਮਲੇ ’ਤੇ ਉਸ ਨਾਲ ਧੱਕਾ ਮੁੱਕੀ ਕਰਨ ਦਾ ਵੀ ਦੋਸ਼ ਲਾਇਆ, ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਉਸ ਨੇ ਜ਼ਮੀਨ ਲੰਮੇ ਪੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਗਮਾਡਾ ਦੇ ਐੱਸਡੀਓ (ਹਾਊਸਿੰਗ) ਅਵਦੀਪ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਧਰਨਾ ਲਗਾ ਕੇ ਬੈਠੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਰਕਾਰੀ ਕੰਮ ਵਿੱਚ ਵਿਘਨ ਨਾ ਪਾਉਣ ਪਰ ਲੋਕ ਨਹੀਂ ਮੰਨੇ।