ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 8 ਅਪਰੈਲ
ਪਿੰਡ ਬਾਂਸੇਪੁਰ ਵਿੱਚ ਪੀਰ ਲਾਲਾਂ ਵਾਲੇ ਦੇ ਦਰਬਾਰ ਦੇ ਕਮਰੇ ਢਾਹੁਣ ਲਈ ਆਈ ਗਮਾਡਾ ਦੀ ਟੀਮ ਨੂੰ ਅੱਜ ਸ਼ਰਧਾਲੂਆਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਦਰਬਾਰ ਦੇ ਪ੍ਰਬੰਧਕਾਂ ’ਚੋਂ ਸਤਵੀਰ ਸੱਤੀ, ਜਰਨੈਲ, ਤਰਨਜੀਤ ਤਰਨੀ ਆਦਿ ਨੇ ਦੱਸਿਆ ਕਿ ਪੀਰ ਲਾਲਾਂ ਵਾਲੇ ਦੀ ਯਾਦ ਵਿੱਚ ਦਰਬਾਰ ’ਚ ਸੜਕ ਵੱਲ ਬਣੇ ਲੋਹੇ ਦੀਆਂ ਟੀਨਾਂ ਵਾਲੇ ਕਮਰੇ ਨੂੰ ਪਿਛਲੇ ਦਿਨੀਂ ਗਮਾਡਾ ਟੀਮ ਨੇ ਢਾਹ ਦਿੱਤਾ ਸੀ। ਸੰਗਤ ਲਈ ਬਣਾਏ ਕਮਰਿਆਂ ਨੂੰ ਢਾਹੁਣ ਲਈ ਅੱਜ ਜਦੋਂ ਗਮਾਡਾ ਟੀਮ ਆਈ ਤਾਂ ਸ਼ਰਧਾਲੂ ਭੜਕ ਉੱਠੇ ਤੇ ਲੋਕਾਂ ਨੇ ਸਰਕਾਰ ਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਗਮਾਡਾ ਦੇ ਐੱਸਡੀਓ ਹਰਪ੍ਰੀਤ ਸਿੰਘ ਤੇ ਜੇਈ ਰਾਣਾ ਚੌਧਰੀ ਅਨੁਸਾਰ ਪੀਰ ਦੀ ਮਜ਼ਾਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਪਰ ਇੱਥੇ ਨਵ ਉਸਾਰੇ ਦੋ ਕਮਰੇ ਨਾਜਾਇਜ਼ ਹਨ। ਇਨ੍ਹਾਂ ਨੂੰ ਢਾਹੁਣ ਲਈ ਉਚ ਅਧਿਕਾਰੀਆਂ ਦੇ ਹੁਕਮ ਹਨ। ਪਤਾ ਲੱਗਣ ਮਗਰੋਂ ਡੀਐੱਸਪੀ ਅਮਰਵੀਰ ਸਿੰਘ ਤੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਸਿਮਰਨ ਸਿੰਘ ਨੇ ਮੌਕੇ ’ਤੇ ਪੁੱਜ ਕੇ ਤਣਾਅਪੂਰਨ ਸਥਿਤੀ ਨੂੰ ਕਾਬੂ ਹੇਠ ਕੀਤਾ।