ਸੰਜੀਵ ਬੱਬੀ
ਚਮਕੌਰ ਸਾਹਿਬ, 14 ਜੂਨ
ਇਥੋਂ ਦਾ ਸਰਕਾਰੀ ਹਸਪਤਾਲ ਡਾਕਟਰਾਂ ਦੀ ਘਾਟ ਨਾਲ ਜੁਝਦਿਆਂ ਖੁਦ ਹੀ ਆਪਣੇ ਆਪ ਨੂੰ ਬਿਮਾਰ ਤੇ ਲਾਚਾਰ ਮਹਿਸੂਸ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਦੇ 30 ਬਿਸਤਰਿਆਂ ਦੇ ਇਸ ਹਸਪਤਾਲ ਨਾਲ ਇਲਾਕੇ ਦੇ ਦਰਜਨਾਂ ਪਿੰਡ ਜੁੜੇ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਪਿੰਡਾਂ ਦੇ ਮਰੀਜ਼ ਰੋਜ਼ਾਨਾ ਇਸ ਹਸਪਤਾਲ ਵਿੱਚ ਪੁੱਜਦੇ ਹਨ, ਪਰ ਡਾਕਟਰਾਂ ਦੀ ਘਾਟ ਕਾਰਨ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਹਸਪਤਾਲ ਵਿੱਚ ਮੌਜੂਦਾ ਸਮੇਂ ਵਿੱਚ ਸਿਰਫ ਦੋ ਹੀ ਡਾਕਟਰ ਕੰਮ ਕਰ ਰਹੇ ਹਨ ਜਦੋਂ ਕਿ ਸਰਕਾਰ ਵੱਲੋਂ ਇਸ ਹਸਪਤਾਲ ਲਈ ਡਾਕਟਰਾਂ ਦੀਆਂ ਛੇ ਅਸਾਮੀਆਂ ਪ੍ਰਵਾਨਿਤ ਹਨ। ਇਨ੍ਹਾਂ ਦੋ ਡਾਕਟਰਾਂ ਵਿੱਚੋਂ ਵੀ ਇੱਕ ਕਾਰਜਕਾਰੀ ਐੱਸਐੱਮਓ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਜਦੋਂ ਕਿ ਦੂਜਾ ਓਪੀਡੀ ਵਿੱਚ ਮਰੀਜ਼ਾਂ ਨੂੰ ਦੇਖ ਰਿਹਾ ਹੈ। ਡਾਕਟਰਾਂ ਦੀਆਂ ਖਾਲੀ ਅਸਾਮੀਆਂ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਿਰ, ਬੱਚਿਆਂ ਦੇ ਮਾਹਿਰ ਮੈਡੀਕਲ ਸਪੈਸ਼ਲਿਸਟ ਅਤੇ ਜਨਰਲ ਡਾਕਟਰ ਦੀ ਪੋਸਟ ਸ਼ਾਮਲ ਹੈ। ਪਹਿਲਾਂ ਇਸ ਹਸਪਤਾਲ ਵਿੱਚ ਅਪ੍ਰੇਸ਼ਨ ਆਦਿ ਵੀ ਕੀਤੇ ਜਾਂਦੇ ਸਨ ਪ੍ਰੰਤੂ ਡਾਕਟਰਾਂ ਦੀ ਕਮੀ ਹੋਣ ਕਾਰਨ ਹਸਪਤਾਲ ਵਿੱਚ ਅਪ੍ਰੇਸ਼ਨ ਤੇ ਟੈਸਟ ਆਦਿ ਦਾ ਕੰਮ ਬਿਲਕੁਲ ਬੰਦ ਪਿਆ ਹੈ ਜਿਸ ਕਾਰਨ ਆਪਰਸ਼ਨ ਕਰਵਾਉਣ ਲਈ ਲੋਕਾਂ ਨੂੰ ਨਿਜੀ ਹਸਪਤਾਲਾਂ ਵੱਲ ਜਾਣਾ ਪੈਂਦਾ ਹੈ ਅਤੇ ਲੋਕ ਬੇਬਸੀ ਵਿੱਚ ਨਿੱਜੀ ਹਸਪਤਾਲਾਂ ਵਿੱਚ ਮਹਿੰਗੇ ਭਾਅ ਇਲਾਜ ਕਰਵਾ ਰਹੇ ਹਨ। ਇਸ ਹਸਪਤਾਲ ਨਾਲ ਤਿੰਨ ਮਿੰਨੀ ਪੀਐਚਸੀ ਜੁੜੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਮਿੰਨੀ ਪੀਐਚਸੀ ਬੂਰਮਾਜਰਾ ਦੀ ਅਸਾਮੀ ਵਿਰੁੱਧ ਕੈਮੀਕਲ ਲੈਬ ਖਰੜ ਵਿਖੇ ਤਾਇਨਾਤ ਇੱਕ ਮੈਡੀਕਲ ਅਫਸਰ ਦੀ ਤਨਖਾਹ ਕਲੇਮ ਕੀਤੀ ਜਾ ਰਹੀ ਹੈ, ਜਦੋਂ ਕਿ ਮਿੰਨੀ ਪੀਐਚਸੀ ਬੂਰਮਾਜਰਾ ਨੂੰ ਫਾਰਮਾਸਿਸਟ ਵੱਲੋਂ ਹੀ ਸੰਭਾਲਿਆ ਜਾ ਰਿਹਾ ਹੈ। ਇਹੋ ਹਾਲ ਹੋਰ ਜੁੜੀਆਂ ਹੋਈਆਂ ਡਿਸਪੈਂਸਰੀਆਂ ਦਾ ਹੈ। ਡਾਕਟਰਾਂ ਦੀ ਘਾਟ ਸਬੰਧੀ ਸਥਾਨਕ ਐਸਐਮਓ ਵੱਲੋਂ ਜ਼ਿਲ੍ਹੇ ਦੇ ਸਿਵਲ ਸਰਜਨ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੂੰ ਵੀ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਕਾਰਨ ਐਮਰਜੈਂਸੀ ਅਤੇ ਓਪੀਡੀ ਸੇਵਾਵਾਂ ਚਲਾਉਣਾ ਅਸੰਭਵ ਹੈ ਇਸ ਲਈ ਇੱਥੇ ਰੈਗੂਲਰ ਅਸਾਮੀਆਂ ਭਰਨ ਤੱਕ ਆਰਜ਼ੀ ਪ੍ਰਬੰਧ ਕੀਤੇ ਜਾਣ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਸਬੰਧੀ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਰਾਜੇਸ਼ ਕੁਮਾਰ ਰਾਜੂ ਨੇ ਕਿਹਾ ਕਿ ਡਾਕਟਰਾਂ ਦੀ ਘਾਟ ਸਬੰਧੀ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਦੱਸ ਚੁੱਕੇ ਹਨ। ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਅਤੇ ਪੈਨਸ਼ਨ ਸੰਘ ਦੇ ਪ੍ਰਧਾਨ ਲੈਕਚਰਾਰ ਧਰਮਪਾਲ ਸੋਖਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਇੱਥੇ ਤੁਰੰਤ ਰੈਗੂਲਰ ਡਾਕਟਰ ਭੇਜੇ ਜਾਣ ਤਾਂ ਜੋ ਕਿ ਇਲਾਕੇ ਦੇ ਲੋਕ ਖੱਜਲ ਖੁਆਰ ਨਾ ਹੋ ਸਕਣ।