ਪੱਤਰ ਪ੍ਰੇਰਕ
ਬਨੂੜ, 9 ਸਤੰਬਰ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਨੇ ਬੱਸ ਕਿਰਾਏ, ਬਿਜਲੀ ਦਰਾਂ ਅਤੇ ਤੇਲ ਕੀਮਤਾਂ ਵਿਚ ਵਾਧਾ ਕਰ ਕੇ ਪੰਜਾਬੀਆਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਨ੍ਹਾਂ ਵਧੀਆਂ ਦਰਾਂ ਨੂੰ ਵਾਪਸ ਕਰਾਉਣ ਲਈ ਲਾਮਬੰਦ ਹੋ ਕੇ ਸੜਕਾਂ ’ਤੇ ਆਉਣਾ ਪਵੇਗਾ। ਉਹ ਅੱਜ ਪਿੰਡ ਨੰਡਿਆਲੀ ਵਿੱਚ ਡਾ. ਅੰਬੇਡਕਰ ਮਹਾਂ ਸਭਾ ਬਨੂੜ ਅਤੇ ਬਾਬਾ ਜੀਵਨ ਸਿੰਘ ਕੌਮ ਭਲਾਈ ਟਰੱਸਟ ਵੱਲੋਂ ਸਾਂਝੇ ਤੌਰ ’ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਸਬੰਧੀ ਕਰਾਏ ਸਮਾਰੋਹ ਮੌਕੇ ਗੱਲਬਾਤ ਕਰ ਰਹੇ ਸਨ। ਸ੍ਰੀ ਚੰਦੂਮਾਜਰਾ ਨੇ ਆਖਿਆ ਕਿ ਗ਼ੈਰ-ਤਜਰਬੇਕਾਰ ‘ਆਪ’ ਦੀ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ, ਬੇਲੋੜੇ ਖ਼ਰਚਿਆਂ ਕਾਰਨ ਪੰਜਾਬ ਦੀ ਆਰਥਿਕ ਹਾਲਤ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਸੂਬੇ ਨੂੰ ਆਰਥਿਕ ਸੰਕਟ ਵੱਲ ਧੱਕ ਦਿੱਤਾ ਹੈ। ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਜੀਵਨ ਸਿੰਘ ਜੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ। ਪ੍ਰਬੰਧਕਾਂ ਜਗਤਾਰ ਸਿੰਘ ਜੱਗੀ, ਜਸਵੀਰ ਸਿੰਘ ਨਡਿਆਲੀ, ਰਾਜ ਕੁਮਾਰ ਭੁੱਡਾ ਜ਼ੀਰਕਪੁਰ ਨੇ ਸੰਗਤ ਦਾ ਧੰਨਵਾਦ ਕੀਤਾ।